ਚੰਡੀਗੜ੍ਹ: ਪੰਜਾਬ ਦਾ ਬਿਜਲੀ ਸੰਕਟ ਅੱਜ ਐਤਵਾਰ ਨੂੰ ਹੋਰ ਵੀ ਡੂੰਘਾ ਹੋ ਗਿਆ ਕਿਉਂਕਿ ਤਲਵੰਡੀ ਸਾਬੋ ਬਿਜਲੀ ਪਲਾਂਟ ਦੀ ਦੂਜੀ ਯੂਨਿਟ ਵੀ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਈ। ਇੰਝ ਕੇਂਦਰੀ ਤੇ ਉੱਤਰੀ ਜ਼ੋਨਜ਼ ਦੀਆਂ ਉਦਯੋਗਕ ਇਕਾਈਆਂ ਦੇ ਮੁੜ ਖੁੱਲ੍ਹਣ ਉੱਤੇ ਸੁਆਲੀਆ ਨਿਸ਼ਾਨ ਲੱਗ ਗਿਆ ਹੈ। ਇਹ ਇਕਾਈ ਬਿਜਲੀ ਸੰਕਟ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਬੰਦ ਪਈਆਂ ਹਨ। ਪੰਜਾਬ ਸਰਕਾਰ ਨੇ ਬਿਜਲੀ ਸੰਕਟ ਨੂੰ ਕੁਝ ਘਟਾਉਣ ਲਈ ਜਿੱਥੇ ਸਰਕਾਰੀ ਦਫ਼ਤਰਾਂ ਦੇ ਸਮਿਆਂ ਵਿੱਚ ਤਬਦੀਲੀ ਕੀਤੀ ਹੈ, ਉੱਥੇ ਹੀ ਉਦਯੋਗਾਂ ਉੱਤੇ ਵੀ ਪਾਬੰਦੀਆਂ ਲਾਈਆਂ ਗਈਆਂ ਹਨ।

 

ਉਦਯੋਗ ਉੱਤੇ ਪਾਬੰਦੀਆਂ ਅੱਗੇ ਵਧਾਈਆਂ ਜਾਣਗੀਆਂ ਜਾਂ ਨਹੀਂ, ਇਸ ਬਾਰੇ ਫ਼ੈਸਲਾ ਅੱਜ ਹੀ ਲਿਆ ਜਾਣਾ ਹੈ। ਉਨ੍ਹਾਂ ਦੇ ਨਾਲ-ਨਾਲ ਰਾਜ ਦੇ ਘਰੇਲੂ ਤੇ ਵਪਾਰਕ ਖਪਤਕਾਰਾਂ ਦੀ ਵੀ ਸ਼ਿਕਾਇਤ ਹੈ ਕਿ ਦੋ ਤੋਂ ਚਾਰ ਘੰਟਿਆਂ ਤੱਕ ਦੇ ਅਣ-ਐਲਾਨੇ ਕੱਟਾਂ ਕਾਰਨ ਉਨ੍ਹਾਂ ਦੇ ਕਾਰੋਬਾਰ ਤਬਾਹ ਹੋ ਕੇ ਰਹਿ ਗਏ ਹਨ।

 

ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (PSPCL) ਦੇ ਅਧਿਕਾਰੀਆਂ ਨੇ ਦੱਸਿਆ ਕਿ ਤਲਵੰਡੀ ਸਾਬੋ ਦੇ 660 ਮੈਗਾਵਾਟ ਸਮਰੱਥਾ ਵਾਲੇ ਇੱਕ ਪਲਾਂਟ ਦੇ ਬੁਆਇਲਰ ਦੀ ਟਿਊਬ ਲੀਕ ਹੋ ਗਈ ਹੈ; ਜਿਸ ਨੂੰ ਠੀਕ ਕਰਨ ਵਿੱਚ ਦੋ ਤੋਂ ਤਿੰਨ ਦਿਨਾਂ ਦਾ ਸਮਾਂ ਲੱਗੇਗਾ। ਇਸੇ ਪਲਾਂਟ ਦੀ 660 ਮੈਗਾਵਾਟ ਸਮਰੱਥਾ ਵਾਲੀ ਇੱਕ ਹੋਰ ਯੂਨਿਟ ਪਹਿਲਾਂ ਹੀ ਤਕਨੀਕੀ ਕਾਰਨਾਂ ਕਰਕੇ ਬੰਦ ਪਈ ਹੈ। ਇਸ ਦੇ ਇਸ ਮਹੀਨੇ ਦੇ ਅੰਤ ਤੱਕ ਹੀ ਚੱਲਣ ਦੇ ਆਸਾਰ ਹਨ।

 

ਖੇਤੀ ਖੇਤਰ ’ਚ ਹੁਣ ਝੋਨੇ ਦੀ ਲਵਾਈ ਦਾ ਸੀਜ਼ਨ ਹੈ, ਜਿਸ ਕਰ ਕੇ ਉੱਥੇ ਕੀ ਬਿਜਲੀ ਜ਼ਰੂਰ ਚਾਹੀਦੀ ਹੈ। ਅਜਿਹੇ ਹਾਲਾਤ ਵਿੱਚ PSPCL ਨੂੰ ਬਿਜਲੀ ਦੀ ਮੰਗ ਪੂਰੀ ਕਰਨ ਲਈ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪਾਵਰ ਕੱਟ ਇਸੇ ਲਈ ਮਜਬੂਰੀਵੱਸ ਲਾਉਣੇ ਪੈ ਰਹੇ ਹਨ।

 

ਪੰਜਾਬ ’ਚ ਇਸ ਵੇਲੇ 12,280 ਮੈਗਾਵਾਟ ਬਿਜਲੀ ਦੀ ਮੰਗ ਹੈ। ਭਾਰਤ ਸਰਕਾਰ ਨੇ ਪੰਜਾਬ ਦੀ ਟ੍ਰਾਂਸਮਿਸ਼ਨ ਸਮਰੱਥਾ ਨੂੰ ਵਧਾਇਆ ਹੈ ਤੇ ਇੰਝ ਇਹ ਸਮਰੱਥਾ ਨੂੰ 7400 ਮੈਗਾਵਾਟ ਹੋ ਗਈ ਹੈ, ਜੋ ਪਿਛਲੇ ਵਰ੍ਹੇ 6,400 ਮੈਗਾਵਾਟ ਸੀ।

 

ਤਲਵੰਡੀ ਸਾਬੋ ਪਾਵਰ ਲਿਮਿਟੇਡ (TSPL) ਉੱਤਰੀ ਭਾਰਤ ਦਾ ਸਭ ਤੋਂ ਵੱਡਾ ਤਾਪ ਬਿਜਲੀ ਘਰ ਹੈ; ਜਿਸ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਬੰਨਾਵਾਲਾ ’ਚ ਵੇਦਾਂਤਾ ਕੰਪਨੀ ਨੇ ਸਥਾਪਤ ਕੀਤਾ ਹੈ। ਇਸ ਦੀ ਕੁੱਲ ਸਮਰੱਥਾ 1980 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਹੈ। ਇਸ ਦੀ ਤਿੰਨ ਇਕਾਈਆਂ ਹਨ; ਜੋ 680-680 ਮੈਗਾਵਾਟ ਸਮਰੱਥਾ ਦੀਆਂ ਹਨ। ਇਸ ਵੇਲੇ ਇਹ ਤਾਪ ਬਿਜਲੀ ਘਰ ਉੱਤਰੀ ਗ੍ਰਿੱਡ ਨੁੰ 1,178 ਮੈਗਾਵਾਟ ਬਿਜਲੀ ਸਪਲਾਈ ਕਰ ਰਿਹਾ ਹੈ। ਸੂਤਰਾਂ ਅਨੁਸਾਰ ਇਸ ਥਰਮਲ ਪਾਵਰ ਲਾਂਟ ਦੀ ਯੂਨਿਟ ਨੰਬਰ 1 ਅੱਧੀ ਰਾਤ ਨੂੰ ਅਚਾਨਕ ਹੀ ਜਵਾਬ ਦੇ ਗਈ।