ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਢਾ ਲਾਉਣ ਮਗਰੋਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਅੱਜ ਹਾਈਕਮਾਨ ਨੂੰ ਚਿੱਠੀ ਸੌਂਪ ਕੇ ਪੰਜਾਬ ਦੀ ਸਿਆਸਤ ਬਾਰੇ ਕਈ ਖੁਲਾਸੇ ਕੀਤੇ ਹਨ। ਸਿੱਧੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਕਰਕੇ ਕੈਪਟਨ ਦੀ ਕਾਰਵਾਈ ਖਿਲਾਫ ਆਪਣਾ ਰੋਸ ਜ਼ਾਹਿਰ ਕੀਤਾ। ਇੰਨਾ ਹੀ ਨਹੀਂ ਸਿੱਧੂ ਨੇ ਹਾਈਕਮਾਨ ਨੂੰ ਚਿੱਠੀ ਸੌਂਪਦਿਆਂ ਪੰਜਾਬ ਬਾਰੇ ਕਈ ਰਾਜ਼ ਵੀ ਖੋਲ੍ਹੇ ਹਨ। ਸਿੱਧੂ ਨੇ ਇਸ ਚਿੱਠੀ ਨੂੰ ਗੁਪਤ ਰੱਖਦਿਆਂ ਇਸ ਦੇ ਵੇਰਵੇ ਮੀਡੀਆ ਨਾਲ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਪੱਤਰ ਵਿੱਚ ਉਨ੍ਹਾਂ ਨੇ ਪੰਜਾਬ ਕਾਂਗਰਸ ਦੀਆਂ ਕਈ ਗਤੀਵਿਧੀਆਂ ਤੋਂ ਪਰਦਾ ਚੁੱਕਿਆ ਹੈ। ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੇ ਸਿੱਧੂ ਦੀ ਗੱਲ ਸੁਣਨ ਮਗਰੋਂ ਸੀਨੀਅਰ ਲੀਡਰ ਅਹਿਮਦ ਪਟੇਲ ਨੂੰ ਇਸ ਮੁੱਦਾ ਹੱਲ਼ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਸਿੱਧੂ ਦੇ ਤੇਵਰਾਂ ਤੋਂ ਲੱਗਦਾ ਹੈ ਕਿ ਅਗਲੇ ਦਿਨਾਂ ਦੌਰਾਨ ਪੰਜਾਬ ਕਾਂਗਰਸ ਵਿੱਚ ਵੱਡੀ ਹਿੱਲਜੁਲ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਅਹਿਮਦ ਪਟੇਲ ਅਗਲੇ ਦਿਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਇਸ ਦਾ ਕੋਈ ਹੱਲ਼ ਲੱਭਣ ਦੀ ਕੋਸ਼ਿਸ਼ ਕਰਨਗੇ। ਉਧਰ ਇਹ ਵੀ ਚਰਚਾ ਹੈ ਕਿ ਸਿੱਧੂ ਦੀ ਚਿੱਠੀ ਵੀ ਪੰਜਾਬ ਕਾਂਗਰਸ 'ਚ ਭੂਚਾਲ ਲਿਆ ਸਕਦੀ ਹੈ। ਸਿੱਧੂ ਪਹਿਲਾਂ ਵੀ ਆਪਣੀ ਹੀ ਸਰਕਾਰ ਦੀ ਕਾਰਜਸ਼ਾਲੀ 'ਤੇ ਇਤਰਾਜ਼ ਉਠਾ ਚੁੱਕੇ ਹਨ। ਚਰਚਾ ਹੈ ਕਿ ਸਿੱਧੂ ਨੇ ਇਸ ਗੁਪਤ ਚਿੱਠੀ ਵਿੱਚ ਸਰਕਾਰ ਦੀਆਂ ਪਿਛਲੀਆਂ ਸਾਰੀਆਂ ਸਰਗਮੀਆਂ ਦੀ ਬਿਓਰਾ ਦਿੱਤਾ ਹੈ ਜਿਸ ਨਾਲ ਪਾਰਟੀ 'ਤੇ ਸਵਾਲ ਉੱਠਦੇ ਰਹੇ ਹਨ। ਨਵਜੋਤ ਸਿੱਧੂ ਨੇ ਮਾਫੀਆ ਨੂੰ ਨੱਥ ਪਾਉਣ ਲਈ ਕਈ ਵਾਰ ਸਰਕਾਰ ਨੂੰ ਸਲਾਹ ਦਿੱਤੀ ਪਰ ਹਰ ਵਾਰ ਇਸ ਮਾਮਲੇ ਨੂੰ ਠੰਢੇ ਬਸਤੇ ਵਿੱਚ ਪਾਇਆ ਜਾਂਦਾ ਰਿਹਾ। ਇਸ ਕਰਕੇ ਹੀ ਕੈਪਟਨ ਸਰਕਾਰ 'ਤੇ ਬਾਦਲਾਂ ਨਾਲ ਮਿਲੇ ਹੋਣ ਦੇ ਇਲਜ਼ਾਮ ਤੱਕ ਲੱਗਦੇ ਰਹੇ ਹਨ। ਸੂਤਰਾਂ ਮੁਤਾਬਕ ਸਿੱਧੂ ਨੇ ਕੈਪਟਨ ਦੀ ਰਾਹੁਲ ਕੋਲ ਸ਼ਿਕਾਇਤ ਕਰਦਿਆਂ ਕਿਹਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸ਼ਹਿਰੀ ਹਲਕਿਆਂ ਵਿੱਚ 64 ਫੀਸਦੀ ਵੋਟਾਂ ਮਿਲੀਆਂ ਜਦੋਂਕਿ ਪੇਂਡੂ ਇਲਾਕਿਆਂ ਵਿੱਚ ਪਾਰਟੀ ਦਾ ਪ੍ਰਦਰਸ਼ਨ ਸਹੀ ਨਹੀਂ ਰਿਹਾ। ਉਨ੍ਹਾਂ ਇਲਜ਼ਾਮ ਲਾਇਆ ਕਿ ਜਿਨ੍ਹਾਂ ਮੰਤਰੀਆਂ ਦੇ ਹਲਕਿਆਂ ਵਿੱਚ ਪਾਰਟੀ ਹਾਰੀ, ਕੈਪਟਨ ਨੇ ਉਨ੍ਹਾਂ ਨੂੰ ਹੀ ਇਨਾਮ ਵਜੋਂ ਅਹਿਮ ਮਹਿਕਮੇ ਦੇ ਦਿੱਤੇ।