Delhi Blast: ਦਿੱਲੀ ਬਲਾਸਟ ਦੀ ਧਮਕ ਪੰਜਾਬ ਤੱਕ ਪਹੁੰਚ ਗਈ। ਦਿੱਲੀ ਧਮਾਕੇ ਮਗਰੋਂ ਪੰਜਾਬ ਵਿੱਚ ਕਈ ਥਾਈਂ ਰੇਡ ਕੀਤੀ ਗਈ। ਗ੍ਰਹਿ ਮੰਤਰਾਲੇ ਦੇ ਆਦੇਸ਼ ਤੇ ਕੌਮੀ ਜਾਂਚ ਏਜੰਸੀ (NIA) ਨੇ ਪੰਜਾਬ ਵਿੱਚ ਛਾਪੇ ਮਾਰੇ। ਉਧਰ, ਡੀਜੀਪੀ ਗੌਰਵ ਯਾਦਵ ਨੇ ਪੁਲਿਸ ਤੇ ਪ੍ਰਸ਼ਾਸਨ ਨੂੰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਹਾਈ ਅਲਰਟ 'ਤੇ ਰਹਿਣ ਦੇ ਆਦੇਸ਼ ਦਿੱਤੇ ਹਨ। ਕੇਂਦਰ ਸਰਕਾਰ ਨੇ ਵੀ ਪੰਜਾਬ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ।
ਸੂਤਰਾਂ ਮੁਤਾਬਕ ਦਿੱਲੀ ਧਮਾਕਿਆਂ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ 'ਤੇ ਕੌਮੀ ਜਾਂਚ ਏਜੰਸੀ, ਚੰਡੀਗੜ੍ਹ ਦੀਆਂ ਦੋ ਟੀਮਾਂ ਦੇਰ ਰਾਤ ਪੰਜਾਬ ਪਹੁੰਚੀਆਂ। ਇੱਕ ਟੀਮ ਨੇ ਚੰਡੀਗੜ੍ਹ ਤੇ ਨੇੜਲੇ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ। ਐਨਆਈਏ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਪੰਜਾਬ ਵਿੱਚ ਮੌਜੂਦਾ ਐਨਆਈਏ ਟੀਮਾਂ ਤੋਂ ਇਲਾਵਾ, ਚੰਡੀਗੜ੍ਹ ਐਨਆਈਏ ਵੀ ਇੱਕ ਜੁਆਇੰਟ ਤਲਾਸ਼ੀ ਮੁਹਿੰਮ ਚਲਾਉਣ ਵਿੱਚ ਉਨ੍ਹਾਂ ਨਾਲ ਸ਼ਾਮਲ ਹੋਈ।
ਡੀਜੀਪੀ ਗੌਰਵ ਯਾਦਵ ਨੇ ਪੁਲਿਸ ਤੇ ਪ੍ਰਸ਼ਾਸਨ ਨੂੰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਹਾਈ ਅਲਰਟ 'ਤੇ ਰਹਿਣ ਦੇ ਆਦੇਸ਼ ਦਿੱਤੇ ਹਨ। ਡੀਜੀਪੀ ਨੇ ਬੀਤੀ ਦੇਰ ਰਾਤ ਸਾਰੇ ਪੁਲਿਸ ਕਮਿਸ਼ਨਰਾਂ ਤੇ ਐਸਐਸਪੀਜ਼ ਨਾਲ ਵੀਡੀਓ ਕਾਨਫਰੰਸ ਕੀਤੀ ਤੇ ਰਾਜ ਵਿੱਚ ਸੁਰੱਖਿਆ ਸਖ਼ਤ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਦੌਰਾਨ ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ ਵਿੱਚ ਸਥਾਨਕ ਪੁਲਿਸ ਹਾਈ ਅਲਰਟ 'ਤੇ ਰਹੀ।
ਪੁਲਿਸ ਬੰਬ ਸਕੁਐਡ ਟੀਮਾਂ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ, ਬੱਸ ਸਟੈਂਡ ਤੇ ਜਨਤਕ ਥਾਵਾਂ 'ਤੇ ਤਲਾਸ਼ੀ ਲੈਂਦੇ ਦੇਖਿਆ ਗਿਆ। ਐਨਆਈਏ ਸੂਤਰਾਂ ਅਨੁਸਾਰ ਅੰਮ੍ਰਿਤਸਰ, ਫਾਜ਼ਿਲਕਾ, ਤਰਨ ਤਾਰਨ ਤੇ ਗੁਰਦਾਸਪੁਰ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਤਲਾਸ਼ੀ ਸ਼ੁਰੂ ਚਲਾਈ ਗਈ ਹੈ। ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਚੌਕਸੀ ਵਧਾ ਦਿੱਤੀ ਗਈ ਹੈ। ਇੱਕ ਟੀਮ ਨੇ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਚਾਰ ਤੋਂ ਪੰਜ ਥਾਵਾਂ ਦੀ ਤਲਾਸ਼ੀ ਲਈ ਹੈ।
ਐਨਆਈਏ ਅਧਿਕਾਰੀਆਂ ਅਨੁਸਾਰ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਫੈਲੇ ਖਾਲਿਸਤਾਨ ਪੱਖੀ ਸੰਗਠਨਾਂ ਦੇ ਕਾਰਕੁਨ ਉਨ੍ਹਾਂ ਦੇ ਨਿਸ਼ਾਨੇ 'ਤੇ ਹਨ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਸਰਗਰਮ ਅੱਤਵਾਦੀ ਸੰਗਠਨਾਂ ਦੇ ਕਾਰਕੁਨਾਂ ਦੀਆਂ ਗਤੀਵਿਧੀਆਂ 'ਤੇ ਮਨੁੱਖੀ ਤੇ ਤਕਨੀਕੀ ਦੋਵੇਂ ਤਰ੍ਹਾਂ ਦੀ ਖੁਫੀਆ ਨਿਗਰਾਨੀ ਵਧਾ ਦਿੱਤੀ ਗਈ ਹੈ।