Delhi Excise Case: 'ਆਪ' ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਈਡੀ ਤੋਂ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਈਡੀ ਨੇ ਮਨੀਸ਼ ਸਿਸੋਦੀਆ, ਉਨ੍ਹਾਂ ਦੀ ਪਤਨੀ ਅਤੇ ਹੋਰਾਂ ਦੀ 52 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੁਰਕ ਕੀਤੀ ਹੈ। ਸਿਸੋਦੀਆ ਨੂੰ ਦਿੱਲੀ ਆਬਕਾਰੀ ਨੀਤੀ ਘਪਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।


ਜ਼ਿਕਰ ਕਰ ਦਈਏ ਕਿ ਈਡੀ ਨੇ ਇਸ ਮਾਮਲੇ ਵਿੱਚ ਮੁਲਜ਼ਮ ਮਨੀਸ਼ ਸਿਸੋਦੀਆ, ਅਮਨਦੀਪ ਸਿੰਘ ਢੱਲ, ਰਾਜੇਸ਼ ਜੋਸ਼ੀ, ਗੌਤਮ ਮਲਹੋਤਰਾ ਅਤੇ ਹੋਰਾਂ ਦੀ 52.24 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਕੁਰਕ ਕੀਤੀ ਗਈ ਜਾਇਦਾਦ ਵਿੱਚ 7.29 ਕਰੋੜ ਰੁਪਏ ਦੀ ਅਚੱਲ ਜਾਇਦਾਦ ਸ਼ਾਮਲ ਹੈ। ਇਸ ਵਿੱਚ ਮਨੀਸ਼ ਸਿਸੋਦੀਆ ਦੀਆਂ 2 ਅਚੱਲ ਜਾਇਦਾਦਾਂ, ਰਾਜੇਸ਼ ਜੋਸ਼ੀ/ਚੈਰੀਅਟ ਪ੍ਰੋਡਕਸ਼ਨ ਮੀਡੀਆ ਪ੍ਰਾਈਵੇਟ ਲਿਮਟਿਡ ਦੀ ਜ਼ਮੀਨ/ਫਲੈਟ ਅਤੇ ਗੌਤਮ ਮਲਹੋਤਰਾ ਦੀ ਜ਼ਮੀਨ ਅਤੇ ਫਲੈਟ ਵੀ ਸ਼ਾਮਲ ਹਨ। ਈਡੀ ਨੇ ਚੱਲ ਜਾਇਦਾਦ ਵੀ ਕੁਰਕ ਕੀਤੀ ਹੈ। ਇਸ ਵਿੱਚ ਮਨੀਸ਼ ਸਿਸੋਦੀਆ ਦੀ 11.49 ਲੱਖ ਰੁਪਏ ਦੀ ਜਾਇਦਾਦ, ਬ੍ਰਿੰਡਕੋ ਸੇਲਜ਼ ਪ੍ਰਾਈਵੇਟ ਲਿਮਟਿਡ ਦਾ ਬੈਂਕ ਬੈਲੇਂਸ ਸਮੇਤ 44.29 ਕਰੋੜ ਰੁਪਏ ਸ਼ਾਮਲ ਹਨ।


ਇਸ ਮਾਮਲੇ ਵਿੱਚ ਜਾਰੀ ਕੀਤਾ ਗਿਆ ਇਹ ਦੂਜਾ ਆਰਜ਼ੀ ਅਟੈਚਮੈਂਟ ਆਰਡਰ ਹੈ। ਵਿਜੇ ਨਾਇਰ, ਸਮੀਰ ਮਹਿੰਦਰੂ, ਅਮਿਤ ਅਰੋੜਾ, ਅਰੁਣ ਪਿੱਲਈ ਅਤੇ ਹੋਰ ਦੋਸ਼ੀਆਂ ਦੀ 76.54 ਕਰੋੜ ਰੁਪਏ ਦੀ ਅਚੱਲ/ਚਲ ਜਾਇਦਾਦ ਕੁਰਕ ਕਰਨ ਦਾ ਪਹਿਲਾ ਹੁਕਮ ਜਾਰੀ ਕੀਤਾ ਗਿਆ ਸੀ। ਸ਼ਰਾਬ ਨੀਤੀ ਕੇਸ ਵਿੱਚ ਹੁਣ ਕੁੱਲ 128.78 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਈਡੀ ਨੇ ਸ਼ਰਾਬ ਨੀਤੀ ਮਾਮਲੇ ਵਿੱਚ ਹੁਣ ਤੱਕ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 5 ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਸੀਬੀਆਈ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।


ਦੱਸ ਦਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਇਹ ਕਾਰਵਾਈ ਦਿੱਲੀ ਦੇ ਕਾਰੋਬਾਰੀ ਦਿਨੇਸ਼ ਅਰੋੜਾ ਨੂੰ ਗ੍ਰਿਫਤਾਰ ਕਰਨ ਤੋਂ ਇਕ ਦਿਨ ਬਾਅਦ ਆਈ ਹੈ। ਅਰੋੜਾ ਕਦੇ ਸਿਸੋਦੀਆ ਦੇ ਕਰੀਬੀ ਮੰਨੇ ਜਾਂਦੇ ਸਨ। ਉਨ੍ਹਾਂ ਦੇ ਬਿਆਨ ਤੋਂ ਬਾਅਦ ਵੀ ਸੀਬੀਆਈ ਨੇ ਸਿਸੋਦੀਆ ਨੂੰ ਗ੍ਰਿਫ਼ਤਾਰ ਕਰ ਲਿਆ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।