1984 ਸਿੱਖ ਕਤਲੇਆਮ ਕੇਸਾਂ ਦੇ ਨਿਬੇੜੇ ਲਈ ਰੋਜ਼ ਲੱਗੇਗੀ ਅਦਾਲਤ
ਏਬੀਪੀ ਸਾਂਝਾ | 14 Aug 2018 08:04 PM (IST)
ਨਵੀਂ ਦਿੱਲੀ: 1984 ਸਿੱਖ ਕਤਲੇਆਮ ਸਬੰਧੀ ਕੇਸਾਂ ਦੀ ਸੁਣਵਾਈ ਹੁਣ ਰੋਜ਼ਾਨਾ ਹੋਵੇਗੀ। ਕਤਲੇਆਮ ਦੇ ਮੁੱਖ ਮੁਲਜ਼ਮ ਤੇ ਕਾਂਗਰਸੀ ਨੇਤਾ ਸੱਜਣ ਕੁਮਾਰ ਸਬੰਧੀ ਕੇਸਾਂ ਦੀ ਸੁਣਵਾਈ 11 ਸਤੰਬਰ ਤੋਂ ਹਰ ਰੋਜ਼ ਕੀਤੀ ਜਾਵੇਗੀ। ਅਦਾਲਤ ਵਿੱਚ ਸਿੱਖਾਂ ਦੀ ਪੈਰਵੀ ਕਰ ਰਹੇ ਵਕੀਲ ਤੇ ਆਮ ਆਦਮੀ ਪਾਰਟੀ ਦੇ ਦਾਖਾ ਤੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਦੱਸਿਆ ਕਿ ਸੱਜਣ ਕੁਮਾਰ ਦੇ ਕੇਸ ਨਵੇਂ ਬੈਂਚ ਸਾਹਮਣੇ ਪੇਸ਼ ਕੀਤੇ ਗਏ ਸਨ ਅਤੇ ਜੱਜ ਨੇ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਰੋਜ਼ਾਨਾ ਕੀਤੇ ਜਾਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੱਜਣ ਕੁਮਾਰ ਦੇ ਵਕੀਲਾਂ ਨੇ ਜੱਜ ਨੂੰ ਕਿਹਾ ਸੀ ਕਿ ਕੇਸ ਦੀ ਸੁਣਵਾਈ ਦੁਪਹਿਰ ਤੋਂ ਬਾਅਦ ਰੱਖੀ ਜਾਵੇ ਤਾਂ ਜੱਜ ਨੇ ਇਹ ਮੰਗ ਠੁਕਰਾਉਂਦਿਆਂ ਆਉਣ ਵਾਲੀ 11 ਸਤੰਬਰ ਤੋਂ ਰੋਜ਼ਾਨਾ ਸੁਣਵਾਈ ਦੇ ਹੁਕਮ ਦੇ ਦਿੱਤੇ। ਦਿੱਲੀ ਹਾਈਕੋਰਟ ਵਿੱਚ ਹਰ ਰੋਜ਼ ਸਵੇਰੇ ਸਮੇਂ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਹੋਵੇਗੀ। ਫੂਲਕਾ ਨੇ ਕਿਹਾ ਕਿ ਇਹ ਵਧੀਆ ਫੈਸਲਾ ਹੈ ਅਤੇ ਹਰ ਰੋਜ਼ ਸੁਣਵਾਈ ਹੋਣ ਨਾਲ ਨਿਆਂ ਵੀ ਛੇਤੀ ਮਿਲੇਗਾ।