ਚੰਡੀਗੜ੍ਹ: ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਅੱਜ ਸੀਵਰੇਜ ਦਾ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਤਾੜਨਾ ਕਰਦਿਆਂ ਮਹੀਨੇ 'ਚ ਆਪਣਾ ਕੰਮ ਮੁਕੰਮਲ ਕਰਨ ਲਈ ਕਿਹਾ ਹੈ। ਅਜਿਹਾ ਨਾ ਕਰਨ ਵਾਲੀਆਂ ਕੰਪਨੀਆਂ ਨੂੰ ਸਿੱਧੂ ਨੇ ਬਲੈਕ ਲਿਸਟ 'ਚ ਪਾਉਣ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਅੰਜਾਈਂ ਗਵਾਉਣ ਵਾਲਿਆਂ ਵਿਰੁੱਧ ਮੁਕੱਦਮੇ ਵੀ ਦਰਜ ਕੀਤੇ ਜਾਣਗੇ।


ਸਿੱਧੂ ਨੇ ਇਹ ਗੱਲਾਂ ਅੱਜ ਪੰਜਾਬ ਮਿਉਂਸਪਲ ਭਵਨ ਵਿੱਚ ਦੋ ਕੈਬਨਿਟ ਮੰਤਰੀਆਂ ਵਿਜੇ ਇੰਦਰ ਸਿੰਗਲਾ ਤੇ ਸ਼ਿਆਮ ਸੁੰਦਰ ਅਰੋੜਾ ਤੋਂ ਇਲਾਵਾ ਸਬੰਧਤ ਸ਼ਹਿਰਾਂ ਦੇ ਵਿਧਾਇਕਾਂ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੰਪਨੀ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਦੌਰਾਨ 8 ਕਲੱਸਟਰਾਂ ਦੇ ਕੰਮ ਦੇ ਰੀਵਿਊ ਲਈ ਰੱਖੀ ਮੀਟਿੰਗ ਦੌਰਾਨ ਕਹੀਆਂ।


ਸਿੱਧੂ ਨੇ ਵਿੱਤੀ ਤੇ ਤਕਨੀਕੀ ਆਡਿਟ ਕਰਨ ਵਾਲੀਆਂ ਤੀਜੀਆਂ ਧਿਰਾਂ ਵੈਪਕੌਸ ਤੇ ਇੰਜਨੀਅਰਜ਼ ਇੰਡੀਆ ਲਿਮਟਿਡ (ਈ.ਆਈ.ਐਲ.) ਦੀ ਕਾਰਗੁਜ਼ਾਰੀ 'ਤੇ ਵੀ ਨਾਖੁਸ਼ੀ ਪ੍ਰਗਟਾਉਂਦਿਆਂ ਆਡਿਟ ਵਾਲੀਆਂ ਕੰਪਨੀਆਂ ਦੀ ਕਾਰਗੁਜ਼ਾਰੀ ਦੇਖ ਕੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ।


ਮੀਟਿੰਗ 'ਚ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਆਪਣੇ ਸ਼ਹਿਰ ਸੰਗਰੂਰ ਦੀ ਉਦਹਾਰਨ ਦਿੰਦਿਆਂ ਕਿਹਾ ਕਿ ਕੰਪਨੀ ਵੱਲੋਂ ਕੰਮ ਨੇਪਰੇ ਨਾ ਚਾੜ੍ਹਨ ਕਰ ਕੇ ਲੋਕ ਬਹੁਤ ਪ੍ਰੇਸ਼ਾਨ ਹਨ। ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਵਿੱਚ ਵੋਟਾਂ ਮੌਕੇ ਸੀਵਰੇਜ ਦੀਆਂ ਪਾਈਪਾਂ ਤਾਂ ਵਿਛਾ ਦਿੱਤੀਆਂ ਜਦੋਕਿ ਮੁੱਖ ਲਾਈਨ ਪਾਈ ਹੀ ਨਹੀਂ। ਉਨ੍ਹਾਂ ਕਿਹਾ ਕਿ ਕੰਪਨੀ ਕੋਲ ਲੋੜੀਂਦੀ ਮਸ਼ੀਨਰੀ ਦੀ ਵੀ ਘਾਟ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੇ ਠੇਕੇ ਲੈ ਕੰਮ ਕਰ ਰਹੀਆਂ ਕੰਪਨੀਆਂ ਦੀ ਨਾਲਾਇਕੀ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ।


ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਜਿੱਥੇ ਕੰਪਨੀਆਂ ਆਪਣਾ ਵਾਧੂ ਮੁਨਾਫਾ ਕਮਾਉਣ ਵਾਸਤੇ ਘਟੀਆਂ ਕੁਆਲਟੀ ਦਾ ਸਸਤਾ ਸਮਾਨ ਵਰਤ ਰਹੀਆਂ ਹਨ, ਉੱਥੇ ਕੰਮ ਲਈ ਲੋੜੀਂਦੇ ਠੇਕੇਦਾਰਾਂ ਦੀ ਵੀ ਘਾਟ ਹੈ। ਵਿਧਾਇਕਾਂ ਵੱਲੋਂ ਪ੍ਰਗਟਾਏ ਖਦਸ਼ਿਆਂ ਉਪਰੰਤ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਇਕੱਲੇ-ਇਕੱਲੇ ਸ਼ਹਿਰ ਦੇ ਕੰਮ ਦੀ ਰਿਪੋਰਟ ਸਬੰਧਤ ਕੰਪਨੀ ਕੋਲੋਂ ਮੰਗੀ ਜਿਸ ਨੂੰ ਠੇਕਾ ਦਿੱਤਾ ਹੋਇਆ ਹੈ।


ਸਿੱਧੂ ਨੇ ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਕੰਪਨੀਆਂ ਦੇ ਅਧਿਕਾਰੀਆਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਉਹ ਇਹ ਬਰਦਾਸ਼ਤ ਨਹੀਂ ਕਰਨਗੇ ਕਿ ਲੋਕਾਂ ਦਾ ਪੈਸਾ ਅਜਾਈਂ ਜਾਵੇ। ਉਨ੍ਹਾਂ ਕੰਪਨੀਆਂ ਨੂੰ ਹਦਾਇਤ ਕੀਤੀ ਕਿ ਉਹ ਅੱਜ ਹੀ ਆਪਣੇ ਕੰਮ ਦਾ ਵੇਰਵਾ ਸੌਂਪਣ ਅਤੇ ਦੱਸਣ ਕਿ ਕਿਹੜਾ ਕੰਮ ਕਦੋਂ ਤੱਕ ਨੇਪਰੇ ਚੜ੍ਹ ਜਾਵੇਗਾ। ਇਸ ਤੋਂ ਇਲਾਵਾ ਸਿੱਧੂ ਨੇ ਕੰਪਨੀਆਂ ਤੋਂ ਕੰਮ ਦੌਰਾਨ ਵਰਤੀ ਜਾਣ ਵਾਲੀ ਸਮੱਗਰੀ ਦਾ ਵੀ ਪੂਰਨ ਵੇਰਵਾ ਮੰਗਿਆ।