ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਵਫਦ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਦੋਵੇਂ ਧਿਰਾਂ ਦਰਮਿਆਨ ਇੱਕ ਘੰਟਾ ਹੋਈ ਗੱਲਬਾਤ 'ਚ ਸਿੱਖਾਂ ਨਾਲ ਸਬੰਧਤ ਵੱਖ-ਵੱਖ ਮੁੱਦੇ ਗ੍ਰਹਿ ਮੰਤਰੀ ਕੋਲ ਉਠਾਏ ਗਏ। ਅਕਾਲੀਆਂ ਨੇ 1984 ਸਿੱਖ ਕਤਲੇਆਮ ਦੇ ਬਕਾਇਆ ਕੇਸਾਂ ਤੋਂ ਲੈ ਕੇ ਰਾਜੋਆਣਾ ਦੀ ਰਿਹਾਈ ਬਾਰੇ ਗ੍ਰਹਿ ਮੰਤਰੀ ਆਵਾਜ਼ ਉਠਾਈ।
ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਦੱਸਿਆ ਕਿ ਗ੍ਰਹਿ ਮੰਤਰੀ ਕੋਲ ਮੰਗ ਉਠਾਈ ਗਈ ਕਿ 1984 ਦੇ ਜਿੰਨੇ ਵੀ ਪੈਂਡਿੰਗ ਕੇਸ ਹਨ ਉਨ੍ਹਾਂ ਲਈ ਇੱਕ ਵਿਸ਼ੇਸ਼ ਟ੍ਰਾਇਲ ਕੋਰਟ ਬਣਾਇਆ ਜਾਵੇ ਜੋ ਸਾਰੇ ਕੇਸਾਂ ਦੀ ਸੁਣਵਾਈ ਕਰਦਿਆਂ 6 ਮਹੀਨਿਆਂ ਦੇ ਅੰਦਰ-ਅੰਦਰ ਨਿਬੇੜਾ ਕਰੇ।
ਮੁਲਾਕਾਤ ਦੌਰਾਨ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੀ ਮੰਗ ਵੀ ਰਾਜਨਾਥ ਸਾਹਮਣੇ ਰੱਖੀ ਗਈ ਤੇ ਨਾਲ ਹੀ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ ਸਜ਼ਾਵਾ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਸਿੱਖਾਂ ਲਈ ਘੱਟ ਗਿਣਤੀਆਂ ਦੇ ਦਰਜੇ ਦੀ ਮੰਗ ਰੱਖੀ ਕਿਉਂ ਕਿ ਸਭ ਜਗ੍ਹਾਂ ਸਿੱਖ ਮਨਿਓਰਟੀ 'ਚ ਆਉਂਦੇ ਹਨ ਪਰ ਜੰਮੂ-ਕਸ਼ਮੀਰ 'ਚ ਇਹ ਵਿਵਸਥਾ ਨਹੀਂ ਹੈ।
ਮੁੰਬਈ ਤੇ ਸ਼ਿਲਾਂਗ 'ਚ ਸਿੱਖਾਂ ਨੂੰ ਜ਼ਬਰੀ ਉਨ੍ਹਾਂ ਦੀ ਰਿਹਾਇਸ਼ ਤੋਂ ਹਟਾਉਣ ਦਾ ਮਾਮਲਾ ਵੀ ਕੇਂਦਰੀ ਗ੍ਰਹਿ ਮੰਤਰੀ ਸਾਹਮਣੇ ਰੱਖਿਆ ਗਿਆ। ਇਸ ਮੌਕੇ ਬਹਿਬਲ ਕਲਾਂ ਗੋਲੀਕਾਂਡ ਦੇ ਮੁੱਦੇ 'ਤੇ ਬੋਲਦਿਆਂ ਸੁਖਬੀਰ ਨੇ ਕਿਹਾ ਕਿ ਇਹ ਪੂਰਾ ਕਮਿਸ਼ਨ ਰਾਜਨੀਤੀ ਤੋਂ ਪ੍ਰੇਰਿਤ ਹੈ ਤੇ ਮੈਂ ਇਸ ਨੂੰ ਨਹੀਂ ਮੰਨਦਾ।