ਇਮਰਾਨ ਖ਼ਾਨ
ਜਲੰਧਰ: ਡਾਇਓਸਿਸ ਦੇ ਬਿਸ਼ਪ ਫ੍ਰੈਂਕੋ ਮੁਲਕੱਲ 'ਤੇ ਕੇਰਲ ਵਿੱਚ ਰਹਿਣ ਵਾਲੀ ਇੱਕ ਨਨ ਵੱਲੋਂ ਲਾਏ ਗਏ ਬਲਾਤਕਾਰ ਦੇ ਇਲਜ਼ਾਮ ਬਾਰੇ ਆਖ਼ਰਕਾਰ ਪੁੱਛਗਿੱਛ ਹੋ ਗਈ ਹੈ। ਮਾਮਲੇ ਵਿੱਚ ਕੇਰਲ ਪੁਲਿਸ ਦੀ ਐਸਆਈਟੀ ਨੇ ਬਿਸ਼ਪ ਫ੍ਰੈਂਕੋ ਮੁਲਕੱਲ ਨਾਲ 9 ਘੰਟੇ ਪੁੱਛਗਿਛ ਕੀਤੀ। ਪੁਲਿਸ ਨੇ ਉਨ੍ਹਾਂ ਦੇ ਬਿਆਨ ਦਰਜ ਕਰ ਲਏ ਹਨ, ਪਰ ਫਿਲਹਾਲ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਜਲੰਧਰ ਡਾਇਓਸਿਸ ਤਹਿਤ ਪੰਜਾਬ ਤੇ ਹਿਮਾਚਲ ਦੇ ਸਾਰੇ ਚਰਚ ਆਉਂਦੇ ਹਨ। ਡਾਇਓਸਿਸ ਦੇ ਬਿਸ਼ਪ ਫ੍ਰੈਂਕੋ ਮੁਲਕੱਲ 'ਤੇ ਕਰੀਬ 45 ਦਿਨ ਪਹਿਲਾਂ ਕੇਰਲ ਦੀ ਰਹਿਣ ਵਾਲੀ ਨਨ ਨੇ ਕਈ ਵਾਰ ਰੇਪ ਕਰਨ ਦੇ ਇਲਜ਼ਾਮ ਲਾਏ ਸਨ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਬਿਸ਼ਪ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਸੀ। ਸ਼ੁੱਕਰਵਾਰ ਤੋਂ ਕੇਰਲ ਦੀ ਐਸਆਈਟੀ ਵੱਖ-ਵੱਖ ਚਰਚਾਂ ਵਿੱਚ ਜਾ ਕੇ ਪਾਦਰੀਆਂ ਤੇ ਨਨ ਤੋਂ ਪੁੱਛਗਿਛ ਕਰ ਰਹੀ ਸੀ।
ਸੋਮਵਾਰ ਨੂੰ ਪੁਲਿਸ ਨੇ ਬਿਸ਼ਪ ਹਾਊਸ ਆਉਣਾ ਸੀ। ਜਲੰਧਰ ਪੁਲਿਸ ਨੇ ਬਿਸ਼ਪ ਹਾਊਸ ਦੇ ਦੋਵੇਂ ਪਾਸੇ ਦੇ ਗੇਟਾਂ ਬਾਹਰ ਸਖ਼ਤ ਪਹਿਰਾ ਲਵਾ ਦਿੱਤਾ। ਕਰੀਬ ਸਵਾ ਤਿੰਨ ਵਜੇ ਕੇਰਲ ਪੁਲਿਸ ਪੰਜਾਬ ਪੁਲਿਸ ਨਾਲ ਬਿਸ਼ਪ ਹਾਊਸ ਵਿੱਚ ਦਾਖਲ ਹੋਈ। ਉਦੋਂ ਮੀਡੀਆ ਤੇ ਹੋਰ ਲੋਕਾਂ ਨੂੰ ਲੱਗ ਰਿਹਾ ਸੀ ਕਿ ਐਸਆਈਟੀ ਬਿਸ਼ਪ ਤੋਂ ਪੁੱਛਗਿਛ ਕਰ ਰਹੀ ਹੈ। ਸ਼ਾਮ ਸਾਢੇ ਪੰਜ ਵਜੇ ਸੂਤਰਾਂ ਤੋਂ ਇਹ ਪਤਾ ਲੱਗਿਆ ਕਿ ਬਿਸ਼ਪ ਮੁਲਕੱਲ ਖ਼ੁਦ ਬਿਸ਼ਪ ਹਾਊਸ ਵਿੱਚ ਮੌਜੂਦ ਨਹੀਂ।
ਇਸ ਦੌਰਾਨ ਬਿਸ਼ਪ ਮੁਲਕੱਲ ਦੇ ਵਕੀਲ ਮਨਦੀਪ ਸਚਦੇਵਾ ਕਈ ਵਾਰ ਬਿਸ਼ਪ ਹਾਊਸ ਵਿੱਚੋਂ ਬਾਹਰ ਤਾਂ ਆਏ ਪਰ ਉਨ੍ਹਾਂ ਬਿਸ਼ਪ ਦੀ ਜਾਣਕਾਰੀ ਵਾਲਾ ਕੋਈ ਸਾਫ ਜਵਾਬ ਨਹੀਂ ਦਿੱਤਾ। ਸ਼ਾਮ ਸਾਢੇ ਸੱਤ ਵਜੇ ਬਿਸ਼ਪ ਫ੍ਰੈਂਕੋ ਮੁਲਕੱਲ ਤਿੰਨ ਗੱਡੀਆਂ ਦੇ ਕਾਫਲੇ ਨਾਲ ਬਿਸ਼ਪ ਹਾਊਸ ਵਿੱਚ ਦਾਖਲ ਹੋਏ। ਮੀਡੀਆ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚਰਚ ਦੀ ਪ੍ਰਾਈਵੇਟ ਸਕਿਉਰਿਟੀ ਨੇ ਮੀਡੀਆ ਕਰਮੀਆਂ ਨਾਲ ਧੱਕਾ-ਮੁੱਕੀ ਕੀਤੀ। ਇਸ ਦੌਰਾਨ ਕਈ ਮੀਡੀਆ ਵਾਲਿਆਂ ਨੂੰ ਸੱਟਾਂ ਲੱਗੀਆਂ ਤੇ ਕੁਝ ਦੇ ਕੈਮਰੇ ਵੀ ਨੁਕਸਾਨੇ ਗਏ।
ਬਿਸ਼ਪ ਮੁਲਕੱਲ ਹਾਊਸ ਅੰਦਰ ਗਏ ਤਾਂ ਪੁਲਿਸ ਨੇ ਉਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਇਹ ਪੁੱਛਗਿੱਛ 9 ਘੰਟੇ ਤੋਂ ਵੀ ਵੱਧ ਸਮਾਂ ਚੱਲੀ। ਰਾਤ 7:30 ਤੋਂ ਸਵੇਰ 4:45 ਤਕ ਪੁਲਿਸ ਨੇ ਬਿਸ਼ਪ ਨਾਲ ਸਵਾਲ ਜਵਾਬ ਕੀਤੇ। ਇਸ ਤੋਂ ਬਾਅਦ ਕੇਰਲ ਪੁਲਿਸ ਦੀ ਐਸਆਈਟੀ ਦੇ ਚੀਫ ਕੇ ਸੁਭਾਸ਼ ਬਾਹਰ ਆਏ ਤੇ ਉਨ੍ਹਾਂ ਦੱਸਿਆ ਕਿ ਫਿਲਹਾਲ ਬਿਸ਼ਪ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ।
ਚਰਚ ਦੇ ਇਲਾਕੇ ਬੁਲਾਰੇ ਅਤੇ ਕੈਂਟ ਚਰਚ ਦੇ ਪਾਦਰੀ ਨੇ ਦੱਸਿਆ ਕਿ ਕੇਰਲ ਪੁਲਿਸ ਖ਼ੁਦ ਉਨ੍ਹਾਂ ਦੇ ਕਮਰੇ ਦੀ ਜਾਂਚ ਕਰਨਾ ਚਾਹੁੰਦੀ ਸੀ ਤੇ ਉਨ੍ਹਾਂ ਅਜਿਹਾ ਹੀ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਬਿਸ਼ਪ ਅਦਾਲਤ ਤੋਂ ਅਗਾਊਂ ਜ਼ਮਾਨਤ ਨਹੀਂ ਲੈਣਗੇ, ਕਿਉਂਕਿ ਉਹ ਬੇਕਸੂਰ ਹਨ।