ਮੋਗਾ: ਸ਼ਰਾਬ ਤਸਕਰੀ ਕਰਨ ਵਾਲਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਸੀਆਈਏ ਸਟਾਫ ਮੋਗਾ ਨੇ ਸ਼ਰਾਬ ਨਾਲ ਭਰਿਆ ਇਕ ਕੈਂਟਰ ਜ਼ਬਤ ਕੀਤਾ। ਸੀਆਈਏ ਮੋਗਾ ਦੇ ਇੰਚਾਰਜ ਥਾਣੇਦਾਰ ਕਿੱਕਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਬਹੋਨਾ ਚੌਂਕ ’ਤੇ ਇੱਕ ਪਲਾਟ ਵਿੱਚ ਸ਼ਰਾਬ ਨਾਲ ਭਰਿਆ ਕੈਂਟਰ ਖੜ੍ਹਾ ਕੀਤਾ ਹੋਇਆ ਹੈ, ਜਿਸ ਦੀ ਜਾਣਕਾਰੀ ਮਿਲਣ ਪਿੱਛੋਂ ਉਹ ਪੁਲਿਸ ਪਾਰਟੀ ਸਣੇ ਤੁਰੰਤ ਮੌਕੇ ’ਤੇ ਪੁੱਜੇ। ਐਕਸਾਈਜ਼ ਵਿਭਾਗ ਦੀ ਟੀਮ ਸਮੇਤ ਸਹਾਇਕ ਥਾਣੇਦਾਰ ਨੇ ਉਕਤ ਜਗ੍ਹਾ ਛਾਪਾਮਾਰੀ ਕੀਤੀ ਤਾਂ ਉਥੋਂ ਸ਼ਰਾਬ ਨਾਲ ਭਰਿਆ ਟੈਂਕਰ ਜ਼ਬਤ ਕੀਤਾ। ਇਸ ਟੈਂਕਰ ਵਿੱਚ 314 ਪੇਟੀਆਂ ਸ਼ਰਾਬ (ਰਾਇਲ ਚੈਲੈਂਜ) ਲੋਡ ਕੀਤੀਆਂ ਗਈਆਂ ਸਨ। ਥਾਣੇਦਾਰ ਨੇ ਕਿਹਾ ਕਿ ਉਹ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਜਾਂਚ ਕਰ ਰਹੇ ਹਨ। ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਸ਼ਰਾਬ ਕਿੱਥੋਂ ਆਈ ਸੀ ਤੇ ਇਸ ਦੀ ਤਸਕਰੀ ਕਿੱਥੇ ਕੀਤੀ ਜਾਣੀ ਸੀ।