CBI Summon Punjab Officials : ਦਿੱਲੀ ਸ਼ਰਾਬ ਘੁਟਾਲਾ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ CBI ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿੱਚ ਪੰਜਾਬ ਦੇ ਆਬਕਾਰੀ ਅਤੇ ਕਰ ਵਿਭਾਗ ਦੇ 10 ਅਧਿਕਾਰੀਆਂ ਨੂੰ ਦਿੱਲੀ ਤਲਬ ਕਰ ਲਿਆ ਹੈ। ਇਹ ਸੰਮਨ ਦਿੱਲੀ ਵਿੱਚ ਸੀਬੀਆਈ ਦੇ ਵਧੀਕ ਐਸਪੀ ਰਾਜੀਵ ਕੁਮਾਰ ਵੱਲੋਂ ਜਾਰੀ ਕੀਤੇ ਗਏ ਹਨ। ਪੰਜਾਬ ਦੇ ਅਫਸਰਾਂ ਤੋਂ ਸੀਬੀਆਈ ਦਿੱਲੀ ਸ਼ਰਾਬ ਘੁਟਾਲਾ ਮਾਮਲੇ ਸਬੰਧੀ ਪੁੱਛਗਿੱਛ ਕਰੇਗੀ ਅਤੇ ਇਹ ਪਤਾ ਲਗਾਏਗੀ ਕਿ ਪੰਜਾਬ ਦੀ ਸ਼ਰਾਬ ਨੀਤੀ ਵਿੱਚ ਕੋਈ ਗੜਬੜੀ ਤਾਂ ਨਹੀਂ ਹੈ। 


ਦਿੱਲੀ ਸ਼ਰਾਬ ਘੁਟਾਲਾ ਮਮਾਲੇ ਵਿੱਚ ਈਡੀ ਦੇ ਨਾਲ ਨਾਲ ਸੀਬੀਆਈ ਨੇ ਵੱਡੀਆਂ ਕਾਰਵਾਈਆਂ ਕੀਤੀਆਂ ਹਨ। ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਇਸ ਕੇਸ ਵਿੱਚ ਮੁੱਖ ਮੁਲਜ਼ਮ ਬਣਾਇਆ ਹੋਇਆ ਹੈ। ਈਡੀ ਅਤੇ ਸੀਬੀਆਈ ਨੇ ਮਨੀਸ਼ ਸਿਸੋਦੀਆਂ ਖਿਲਾਫ਼ ਕੇਸ ਦਰਜ ਕੀਤੇ ਹੋਏ ਹਨ। 


ਹੁਣ ਦਿੱਲੀ ਸ਼ਰਾਬ ਘੁਟਾਲਾ ਮਾਮਲੇ ਦੀ ਜਾਂਚ ਪੰਜਾਬ ਤੱਕ ਪਹੁੰਚਦੀ ਦਿਖਾਈ ਦੇ ਰਹੀ ਹੈ। ਜਿਸ ਦੇ ਤਹਿਤ ਸਭ ਤੋਂ ਪਹਿਲਾਂ ਸੀਬੀਆਈ ਨੇ ਪੰਜਾਬ ਦੇ 10 ਅਫ਼ਸਰਾਂ ਨੂੰ ਦਿੱਲੀ 'ਚ ਤਲਬ ਕਰ ਲਿਆ ਹੈ। ਇਹਨਾਂ 10 ਅਧਿਕਾਰੀਆਂ ਨੂੰ ਸੋਮਵਾਰ ਅਤੇ ਮੰਗਲਵਾਰ ਨੂੰ ਸੀਬੀਆਈ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਨ ਲਈ ਕਿਹਾ ਗਿਆ ਹੈ। ਆਈਪੀਸੀ ਦੀ ਧਾਰਾ 160 ਤਹਿਤ ਜਾਰੀ ਸੰਮਨ ਆਬਕਾਰੀ ਤੇ ਕਰ ਵਿਭਾਗ ਦੇ ਮੁੱਖ ਦਫ਼ਤਰ ਰਾਹੀਂ ਭੇਜੇ ਗਏ ਸਨ।


ਮਾਨ ਸਰਕਾਰ ਵੱਲੋਂ ਪਹਿਲਾਂ ਲਿਆਂਦੀ ਗਈ ਨਵੀਂ ਸ਼ਰਾਬ ਨੀਤੀ 'ਤੇ ਵਿਰੋਧੀ ਧਿਰਾਂ ਨੇ ਸਵਾਲ ਖੜ੍ਹੇ ਕਰ ਦਿੱਤੇ ਸਨ। ਜਿਸ ਕਰਕੇ ਇਸ ਨੂੰ ਸੂਬੇ ਵਿੱਚ ਲਾਗੂ ਨਹੀਂ ਕੀਤਾ ਗਿਆ ਸੀ। ਅਤੇ ਪੁਰਾਣੀ ਪਾਲਿਸੀ ਸੀ ਲਾਗੂ ਕੀਤੀ ਗਈ ਸੀ। ਅਕਾਲੀ ਦਲ, ਬੀਜੇਪੀ ਅਤੇ ਕਾਂਗਰਸ ਨੇ ਕਿਹਾ ਸੀ ਕਿ ਈਡੀ ਅਤੇ ਸੀਬੀਆਈ ਪੰਜਾਬ ਦੀ ਸ਼ਰਾਬ ਪਾਲਿਸੀ ਦੀ ਜਾਂਚ ਕਰੇ, ਇਸ ਵਿੱਚ ਵੀ ਵੱਡੀਆਂ ਗੜਬੜੀਆਂ ਹਨ। 


ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਕੇਂਦਰੀ ਮੰਤਰਾਲੇ ਨੂੰ ਮੰਗ ਪੱਤਰ ਭੇਜ ਕੇ ਪੰਜਾਬ ਦੀ ਆਬਕਾਰੀ ਨੀਤੀ ਦੀ ਜਾਂਚ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਸਬੰਧੀ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਜਾਂਚ ਦੀ ਮੰਗ ਕੀਤੀ ਸੀ। ਸੰਸਦ ਵਿੱਚ ਬਹਿਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਪੰਜਾਬ ਵਿੱਚ ਕਥਿਤ ਸ਼ਰਾਬ ਘੁਟਾਲੇ ਦੀ ਜਾਂਚ ਕਰਨ ਦੀ ਮੰਗ ਕੀਤੀ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ।