Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 500 ਨਵੇਂ ਨਿਯੁਕਤ ਸਬ-ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਜਾ ਰਹੇ ਹਨ। ਸੀਐਮ ਮਾਨ ਜਲੰਧਰ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਨਿਯੁਕਤੀ ਪੱਤਰ ਸੌਂਪਣਗੇ। ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਸਬ-ਇੰਸਪੈਕਟਰਾਂ ਦੀਆਂ 560 ਅਸਾਮੀਆਂ ਦੀ ਭਰਤੀ ਕੀਤੀ ਗਈ ਹੈ। ਜਿਸ ਵਿੱਚ 60 ਉਮੀਦਵਾਰ ਅਜਿਹੇ ਹਨ ਜੋ ਵੱਖ-ਵੱਖ ਕਾਰਨਾਂ ਕਰਕੇ ਹਾਜ਼ਰ ਨਹੀਂ ਹੋ ਰਹੇ। ਇਸ ਲਈ ਫਿਲਹਾਲ ਸਿਰਫ਼ 500 ਸਬ-ਇੰਸਪੈਕਟਰ ਹੀ ਨਿਯੁਕਤ ਕੀਤੇ ਜਾਣਗੇ।


ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਸਬ-ਇੰਸਪੈਕਟਰਾਂ ਦੀ ਇਹ ਪਹਿਲੀ ਭਰਤੀ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ 2021 ਵਿੱਚ ਸਬ-ਇੰਸਪੈਕਟਰਾਂ ਦੀ ਭਰਤੀ ਕੀਤੀ ਗਈ ਸੀ।


ਹੁਣ ਅਪਰਾਧੀਆਂ 'ਤੇ ਹੋਰ ਸਖ਼ਤੀ ਹੋਵੇਗੀ


ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਸੁਧਾਰਨ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਅਪਰਾਧਿਕ ਤੱਤਾਂ ਨੂੰ ਕਾਬੂ ਕਰਨ ਲਈ ਪੁਲਿਸ ਦੀ ਭਰਤੀ ਕੀਤੀ ਗਈ ਹੈ। ਹਰ ਮਹੀਨੇ ਕਰੀਬ 150 ਪੁਲਿਸ ਮੁਲਾਜ਼ਮ ਸੇਵਾਮੁਕਤ ਹੋ ਰਹੇ ਹਨ। ਅਜਿਹੇ 'ਚ ਪੰਜਾਬ ਪੁਲਿਸ 'ਚ ਪੁਲਿਸ ਮੁਲਾਜ਼ਮਾਂ ਦੀ ਘਾਟ ਕਾਰਨ 500 ਸਬ-ਇੰਸਪੈਕਟਰਾਂ ਦੀ ਭਰਤੀ ਕੀਤੀ ਗਈ ਹੈ। ਇਸ ਨਾਲ ਕਾਨੂੰਨ ਵਿਵਸਥਾ ਵਿੱਚ ਹੋਰ ਸੁਧਾਰ ਹੋਵੇਗਾ। ਜੋ ਨਵੀਂ ਭਰਤੀ ਹੋਈ ਹੈ, ਉਸ ਵਿਚ ਪਹਿਲਾਂ ਨਾਲੋਂ ਜ਼ਿਆਦਾ ਪੜ੍ਹੇ-ਲਿਖੇ ਅਤੇ ਆਈ.ਟੀ ਸਬੰਧੀ ਜਾਣਕਾਰੀ ਰੱਖਣ ਵਾਲੇ ਪੁਲਿਸ ਕਰਮੀ ਮਿਲ ਰਹੇ ਹਨ।


ਦੱਸ ਦੇਈਏ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਪੁਲਿਸ ਵਿਭਾਗ ਵਿੱਚ ਪੰਜ ਸਾਲਾਂ ਵਿੱਚ ਇੱਕ ਜਾਂ ਦੋ ਵਾਰ ਭਰਤੀ ਹੁੰਦੀ ਸੀ। ਪਰ ਹੁਣ ਸੀਐਮ ਮਾਨ ਨੇ ਹਰ ਸਾਲ 2 ਹਜ਼ਾਰ ਕਾਂਸਟੇਬਲ ਅਤੇ 500 ਸਬ-ਇੰਸਪੈਕਟਰ ਭਰਤੀ ਕਰਨ ਦਾ ਐਲਾਨ ਕੀਤਾ ਹੈ।


710 ਪਟਵਾਰੀਆਂ ਨੂੰ ਦਿੱਤੇ ਨਿਯੁਕਤੀ ਪੱਤਰ
ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਦਿਨ ਪਹਿਲਾਂ ਹੀ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਵੰਡ ਚੁੱਕੇ ਹਨ। ਚੰਡੀਗੜ੍ਹ ਟੈਗੋਰ ਥੀਏਟਰ ਵਿਖੇ ਪ੍ਰੀਖਿਆ ਪਾਸ ਕਰਨ ਵਾਲੇ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇੱਕ ਲੱਖ ਉਮੀਦਵਾਰਾਂ ਵਿੱਚੋਂ 710 ਪਟਵਾਰੀ ਨਿਯੁਕਤ ਕੀਤੇ ਗਏ ਹਨ।


ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਹੁਣ ਉਮੀਦਵਾਰਾਂ ਨੂੰ ਸਿਖਲਾਈ ਦੌਰਾਨ 5,000 ਰੁਪਏ ਦੀ ਬਜਾਏ 18,000 ਰੁਪਏ ਪ੍ਰਤੀ ਮਹੀਨਾ ਵਿੱਤੀ ਭੱਤਾ ਦਿੱਤਾ ਜਾਵੇਗਾ। ਕਿਉਂਕਿ ਐਮ.ਐਸ.ਸੀ., ਬੀ.ਟੈਕ ਅਤੇ ਹੋਰ ਡਿਗਰੀ ਧਾਰਕਾਂ ਲਈ 5,000 ਰੁਪਏ ਦਾ ਭੱਤਾ ਨਾਂਹ ਦੇ ਬਰਾਬਰ ਹੈ। ਸੀਐਮ ਮਾਨ ਨੇ ਕਿਹਾ ਕਿ ਅਗਲੇ ਇੱਕ-ਦੋ ਦਿਨਾਂ ਵਿੱਚ ਇਹ ਭੱਤਾ ਵਧਾ ਕੇ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਜਾਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।