ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਹੁਣ ਦਿਨ ਦਾ ਤਾਪਮਾਨ ਵੀ ਲਗਾਤਾਰ ਘਟਣ ਲੱਗਾ ਹੈ। 20 ਦਸੰਬਰ ਨੂੰ 19 ਦਸੰਬਰ ਦੇ ਮੁਕਾਬਲੇ ਦਿਨ ਦਾ ਤਾਪਮਾਨ 2.6 ਡਿਗਰੀ ਘੱਟ ਦਰਜ ਕੀਤਾ ਗਿਆ ਸੀ ਅਤੇ ਅੱਜ ਵੀ ਹਾਲਾਤ ਇਸੇ ਤਰ੍ਹਾਂ ਦੇ ਰਹਿਣ ਦੀ ਸੰਭਾਵਨਾ ਹੈ। ਰਾਤ ਤੋਂ ਹੀ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ।

Continues below advertisement

ਸੜਕਾਂ ਤੋਂ ਲੈ ਕੇ ਹਵਾਈ ਆਵਾਜਾਈ ਤੱਕ ਧੁੰਦ ਦਾ ਅਸਰ

ਇਸ ਧੁੰਦ ਦਾ ਅਸਰ ਸੜਕਾਂ ਤੋਂ ਲੈ ਕੇ ਹਵਾਈ ਆਵਾਜਾਈ ਤੱਕ ਪੈ ਰਿਹਾ ਹੈ। ਸ਼ਨੀਵਾਰ ਨੂੰ ਧੁੰਦ ਕਾਰਨ ਮਾਨਸਾ ਦੇ ਬੁਢਲਾਡਾ ਇਲਾਕੇ ਵਿੱਚ ਹੋਏ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵੇਂ ਦੇਰ ਰਾਤ ਖਰੀਦਦਾਰੀ ਕਰਕੇ ਆਪਣੇ ਪਿੰਡ ਵਾਪਸ ਜਾ ਰਹੇ ਸਨ। ਇਸ ਤੋਂ ਇਲਾਵਾ ਮੋਗਾ ਦੇ ਸਮਾਲਸਰ ਵਿੱਚ ਟਰੱਕ ਅਤੇ ਸਵਾਰੀਆਂ ਨਾਲ ਭਰੀ ਬੱਸ ਦੀ ਟੱਕਰ ਹੋ ਗਈ, ਜਿਸ ਵਿੱਚ ਬੱਸ ਡਰਾਈਵਰ ਦੇ ਦੋਵੇਂ ਪੈਰ ਟੁੱਟ ਗਏ ਅਤੇ ਅੱਗੇਲੀ ਸੀਟ ‘ਤੇ ਬੈਠਿਆ ਯਾਤਰੀ ਵੀ ਜ਼ਖ਼ਮੀ ਹੋ ਗਿਆ।

Continues below advertisement

12 ਉਡਾਣਾਂ ਰੱਦ

ਉੱਥੇ ਹੀ ਚੰਡੀਗੜ੍ਹ ਏਅਰਪੋਰਟ ‘ਤੇ ਧੁੰਦ ਕਾਰਨ ਸ਼ਨੀਵਾਰ ਨੂੰ 12 ਉਡਾਣਾਂ ਰੱਦ ਕਰਨੀ ਪਈਆਂ। ਇਨ੍ਹਾਂ ਵਿੱਚ 5 ਆਉਣ ਵਾਲੀਆਂ ਅਤੇ 7 ਜਾਣ ਵਾਲੀਆਂ ਉਡਾਣਾਂ ਸ਼ਾਮਲ ਸਨ। ਇਸ ਦੌਰਾਨ ਮੁੰਬਈ ਅਤੇ ਦਿੱਲੀ ਜਾਣ ਵਾਲੀਆਂ ਤਿੰਨ ਉਡਾਣਾਂ, ਨਾਲ ਹੀ ਲਖਨਊ, ਹੈਦਰਾਬਾਦ ਅਤੇ ਲੇਹ ਜਾਣ ਵਾਲੀਆਂ ਇੰਡਿਗੋ ਅਤੇ ਏਅਰ ਇੰਡੀਆ ਦੀਆਂ ਉਡਾਣਾਂ ਰੱਦ ਹੋਈਆਂ। ਇਸੇ ਤਰ੍ਹਾਂ ਦਿੱਲੀ ਤੋਂ ਆਉਣ ਵਾਲੀਆਂ ਤਿੰਨ ਉਡਾਣਾਂ, ਪੁਣੇ ਅਤੇ ਲੇਹ ਤੋਂ ਆਉਣ ਵਾਲੀਆਂ ਉਡਾਣਾਂ ਵੀ ਕੈਂਸਲ ਕਰ ਦਿੱਤੀਆਂ ਗਈਆਂ।

ਮੌਸਮ ਵਿਭਾਗ ਦੇ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਦਿਨ ਦੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਫਾਜ਼ਿਲਕਾ ਵਿੱਚ ਸਭ ਤੋਂ ਵੱਧ ਤਾਪਮਾਨ 24.0 ਡਿਗਰੀ ਦਰਜ ਕੀਤਾ ਗਿਆ, ਜਦਕਿ ਸਭ ਤੋਂ ਘੱਟ ਤਾਪਮਾਨ 4.9 ਡਿਗਰੀ ਰਿਹਾ। ਚੰਡੀਗੜ੍ਹ ਵਿੱਚ ਦਿਨ ਦਾ ਘੱਟੋ-ਘੱਟ ਤਾਪਮਾਨ 11.6 ਡਿਗਰੀ ਦਰਜ ਕੀਤਾ ਗਿਆ, ਜਦਕਿ ਰੋਪੜ ਵਿੱਚ ਦਿਨ ਦਾ ਸਭ ਤੋਂ ਘੱਟ ਵੱਧ ਤਾਪਮਾਨ 14.8 ਡਿਗਰੀ ਦਰਜ ਹੋਇਆ।

ਅਗਲੇ 5 ਦਿਨਾਂ ਦੌਰਾਨ ਮੌਸਮ ਦਾ ਹਾਲ

21 ਦਸੰਬਰ: ਮੌਸਮ ਵਿਭਾਗ ਵੱਲੋਂ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ, ਪਰ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

22 ਦਸੰਬਰ: ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਰਹੇਗੀ। ਇਸ ਤੋਂ ਇਲਾਵਾ ਕੋਈ ਹੋਰ ਚੇਤਾਵਨੀ ਨਹੀਂ ਹੈ।

23 ਤੋਂ 25 ਦਸੰਬਰ: ਤਿੰਨੋ ਦਿਨ ਪੂਰੇ ਸੂਬੇ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਪੈਦਲ ਚੱਲਣ ਵਾਲਿਆਂ ਅਤੇ ਵਾਹਨ ਚਲਾਉਣ ਵਾਲਿਆਂ ਨੂੰ ਖਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।

ਮੌਸਮ ਕਾਰਨ ਵੱਧ ਰਹੇ ਸਰਦੀ-ਜ਼ੁਕਾਮ ਦੇ ਮਰੀਜ਼

ਖੁਸ਼ਕ ਅਤੇ ਠੰਢੇ ਮੌਸਮ ਦੇ ਚਲਦੇ ਲੋਕਾਂ ਦੀ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ। ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਸਰਦੀ-ਖਾਂਸੀ, ਜ਼ੁਕਾਮ, ਬੁਖਾਰ, ਗਲੇ ਦੀ ਖਰਾਸ਼ ਅਤੇ ਸਾਂਹ ਨਾਲ ਜੁੜੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਡਾਕਟਰਾਂ ਮੁਤਾਬਕ ਹਵਾ ਵਿੱਚ ਨਮੀ ਦੀ ਘਾਟ ਕਾਰਨ ਨੱਕ, ਗਲਾ ਅਤੇ ਚਮੜੀ ਜਲਦੀ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ।

ਮਾਹਿਰਾਂ ਨੇ ਲੋਕਾਂ ਨੂੰ ਪੂਰਾ ਪਾਣੀ ਪੀਣ, ਗਰਮ ਕੱਪੜੇ ਪਹਿਨਣ, ਧੂੜ-ਧੂੰਆਂ ਤੋਂ ਬਚਣ ਅਤੇ ਲੋੜ ਪੈਣ ‘ਤੇ ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਬਜ਼ੁਰਗਾਂ, ਬੱਚਿਆਂ ਅਤੇ ਪਹਿਲਾਂ ਤੋਂ ਬੀਮਾਰ ਲੋਕਾਂ ਨੂੰ ਖਾਸ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।