ਅੰਮ੍ਰਿਤਸਰ: ਡੈਂਟਲ ਸਟੂਡੈਂਟ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਅੱਜ ਡੈਂਟਲ ਕਾਲਜ ਅੰਮ੍ਰਿਤਸਰ ਦੇ ਬਾਹਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਐਸੋਸੀਏਸ਼ਨ ਦੇ ਨੁਮਾਇੰਦਿਆਂ ਦਾ ਰੋਸ ਹੈ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਸਟਾਈਪੈਂਡ ਵੇਤਨ ਬਾਕੀ ਸੂਬਿਆਂ ਨਾਲੋਂ ਕਿਤੇ ਘੱਟ ਹੈ। ਪਿਛਲੇ ਅੱਠ ਸਾਲਾਂ ਤੋਂ ਉਨ੍ਹਾਂ ਨੂੰ ਸਿਰਫ ਨੌਂ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਹੀ ਦਿੱਤਾ ਜਾ ਰਿਹਾ ਹੈ ਜਦਕਿ ਪੰਜਾਬ ਦੇ ਗੁਆਂਢੀ ਸੂਬਿਆਂ ਵਿੱਚ ਡੈਂਟਲ ਕਾਲਜ ਤੋਂ ਇੰਟਰਨਸ਼ਿਪ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਸੌਲਾਂ ਤੋਂ ਵੀਹ ਹਜ਼ਾਰ ਰੁਪਏ ਸਟਾਈਪੈਂਡ ਦਿੱਤਾ ਜਾਂਦਾ ਹੈ।


ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਰਕਾਰ ਨੇ ਪਿਛਲੇ ਸਮੇਂ ਵਿੱਚ ਡੈਂਟਲ ਕਾਲਜ ਦੇ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਬੇਤਹਾਸ਼ਾ ਵਾਧਾ ਕੀਤਾ ਹੈ ਜੋ ਲਗਪਗ ਪ੍ਰਾਈਵੇਟ ਕਾਲਜਾਂ ਦੇ ਬਰਾਬਰ ਹੀ ਪਹੁੰਚ ਗਿਆ ਹੈ ਤਾਂ ਫਿਰ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਮਾਣ ਭੱਤੇ ਵਿੱਚ ਸਰਕਾਰ ਵਾਧਾ ਕਿਉਂ ਨਹੀਂ ਕਰ ਰਹੀ। ਐਸੋਸੀਏਸ਼ਨ ਦੇ ਆਗੂ ਅਮਨਪ੍ਰੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਸਬੰਧਤ ਵਿਭਾਗ ਦੇ ਮੰਤਰੀ ਤੇ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਨੂੰ ਕਈ ਵਾਰ ਮਿਲ ਚੁੱਕੇ ਹਨ। ਇਸ ਬਾਰੇ ਪੱਤਰ ਵੀ ਲਿਖ ਚੁੱਕੇ ਹਨ ਪਰ ਉਨ੍ਹਾਂ ਦੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ।

ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਇਹ ਧਰਨਾ ਨਿਰੰਤਰ ਜਾਰੀ ਰਹੇਗਾ। ਇਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਐਸੋਸੀਏਸ਼ਨ ਦੇ ਆਗੂ ਸ਼ੁਭਕਰਮਨ ਸਿੰਘ ਨੇ ਦੱਸਿਆ ਕਿ ਮਰੀਜ਼ਾਂ ਦੀ ਹੋ ਰਹੀ ਪ੍ਰੇਸ਼ਾਨੀ ਲਈ ਸਰਕਾਰ ਜ਼ਿੰਮੇਵਾਰ ਹੈ, ਅਸੀਂ ਫਿਰ ਵੀ ਆਪਣਾ ਫ਼ਰਜ਼ ਸਮਝਦੇ ਹੋਏ ਐਮਰਜੈਂਸੀ ਵਾਲੇ ਮਰੀਜ਼ਾਂ ਨੂੰ ਦੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਉਨ੍ਹਾਂ ਦੀ ਮੁਸ਼ਕਲ ਨੂੰ ਸਮਝਣਾ ਚਾਹੀਦਾ ਹੈ। ਯੂਨੀਅਨ ਨੇ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਦੇ ਨਿੱਜੀਕਰਨ ਦੀ ਵੀ ਮੁਖਾਲਫ਼ਤ ਕੀਤੀ।

ਦੂਜੇ ਪਾਸੇ ਮਰੀਜ਼ਾਂ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਦੀ ਮੁਸ਼ਕਲ ਸਮਝਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਰਿਆਂ ਡਾਕਟਰਾਂ ਨੂੰ ਧਰਨੇ 'ਤੇ ਨਹੀਂ ਬੈਠਣਾ ਚਾਹੀਦਾ। ਕੁਝ ਨੂੰ ਮਰੀਜ਼ਾਂ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ।