ਰੋਹਤਕ: ਜਦੋਂ ਕਾਨੂੰਨ ਕਿਸੇ ਨੂੰ ਆਪਣੇ ਲੰਮੇ ਹੱਥੀਂ ਲੈਂਦਾ ਹੈ ਤਾਂ ਵੱਡੇ-ਵੱਡਿਆਂ ਦੀ ਨੀਂਦ ਉੱਡ ਜਾਂਦੀ ਹੈ। ਡੇਰਾ ਸਿਰਸਾ ਦੇ ਬਲਾਤਕਾਰੀ ਮੁਖੀ ਰਾਮ ਰਹੀਮ ਨਾਲ ਵੀ ਇਹੋ ਕੁਝ ਵਾਪਰ ਰਿਹਾ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋ ਕੇ ਆਏ ਸਵਦੇਸ਼ ਕਿਰਾੜ ਨੇ ਦੱਸਿਆ ਕਿ ਰਾਮ ਰਹੀਮ ਨੂੰ ਨਾ ਨੀਂਦ ਆਉਂਦੀ ਹੈ ਤੇ ਨਾ ਹੀ ਉਸ ਦੇ ਗਲ 'ਚੋਂ ਕੁਝ ਲੰਘਦਾ ਹੈ। ਸਵਦੇਸ਼ ਨੇ ਦੱਸਿਆ ਕਿ 25 ਅਗਸਤ ਨੂੰ ਜਦੋਂ ਗੁਰਮੀਤ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਲਿਆਂਦਾ ਗਿਆ ਸੀ ਤਾਂ ਉਹ ਸਾਰੀ ਰਾਤ ਰੋਂਦਾ ਰਿਹਾ ਸੀ। ਉਸ ਤੋਂ ਬਾਅਦ ਉਸ ਨੂੰ ਕਦੇ ਚੈਨ ਨਹੀਂ ਆਇਆ। ਉਸ ਨੇ ਦੱਸਿਆ ਕਿ 28 ਅਗਸਤ ਨੂੰ ਜਦੋਂ ਉਸ ਨੂੰ ਸਜ਼ਾ ਸੁਣਾਈ ਗਈ ਤਾਂ ਉਸ ਦੀ ਬੇਚੈਨੀ ਹੋਰ ਵਧ ਗਈ। ਬਲਾਤਕਾਰੀ ਰਾਮ ਰਹੀਮ ਦੇ ਨਾਲ ਵਾਲੇ ਸੈੱਲ ਵਿੱਚ ਰਹਿਣ ਵਾਲੇ ਸਵਦੇਸ਼ ਨੇ ਦੱਸਿਆ ਕਿ ਡੇਰਾ ਮੁਖੀ ਨੂੰ 7 ਜਿੰਦਰਿਆਂ ਦੇ ਅੰਦਰ ਕੈਦ ਰੱਖਿਆ ਗਿਆ ਹੈ। ਉਸ ਨੂੰ ਸਹਾਇਤਾ ਲਈ ਦੋ ਨੰਬਰਦਾਰ ਵੀ ਦਿੱਤੇ ਗਏ ਹਨ। ਐਸ਼ਪ੍ਰਸਤੀ ਵਾਲੀ ਜ਼ਿੰਦਗੀ ਜਿਉਣ ਦੇ ਆਦੀ ਨੂੰ ਜੇਲ੍ਹ ਵਿੱਚ ਇੱਕ ਛੱਤ ਵਾਲਾ ਪੱਖਾ ਤੇ ਦੋ ਕੰਬਲ ਮਿਲੇ ਹਨ। ਉਸ ਨੇ ਦੱਸਿਆ ਕਿ ਉਸ ਕੋਲ ਕਿਸੇ ਹੋਰ ਕੈਦੀ ਨੂੰ ਜਾਣ ਦੀ ਆਗਿਆ ਨਹੀਂ ਹੈ ਤੇ ਰਾਮ ਰਹੀਮ ਠੀਕ ਢੰਗ ਨਾਲ ਤੁਰਦਾ ਫਿਰਦਾ ਵੀ ਨਹੀਂ ਹੈ। ਜੇਲ੍ਹ ਵਿੱਚ ਬਲਾਤਕਾਰੀ ਬਾਬੇ ਦੀ ਹਾਲਤ ਵੇਖ ਕੇ ਇਹ ਲੱਗਦਾ ਹੈ ਕਿ ਉਹ ਲਗਾਤਾਰ ਆਪਣੀ ਤਬਾਹ ਹੋ ਰਹੀ ਸਲਤਨਤ ਬਾਰੇ ਹੀ ਝੂਰ ਰਿਹਾ ਹੈ। ਦੱਸਣਾ ਬਣਦਾ ਹੈ ਕਿ ਡੇਰਾ ਸਿਰਸਾ ਹੈੱਡਕੁਆਟਰ ਦੀ ਅੱਜ ਤਲਾਸ਼ੀ ਹੋ ਰਹੀ ਹੈ ਤੇ ਉੱਥੋਂ ਜਿਉਂਦੇ ਬੱਚਿਆਂ ਤੇ ਜਾਨਵਰਾਂ ਤੋਂ ਲੈ ਕੇ ਕੰਪਿਊਟਰ, ਵੱਡੀ ਮਾਤਰਾ 'ਚ ਨਕਦੀ ਤੇ ਹੋਰ ਇਤਰਾਜ਼ਯੋਗ ਚੀਜ਼ਾਂ ਵੀ ਬਰਾਮਦ ਹੋਈਆਂ ਹਨ।