ਡੇਰਾ ਭਗਤ 'ਤੇ ਬਿਲਡਰ ਦੇ ਮੁਲਾਜ਼ਮਾਂ ਨੂੰ ਡਰਾਉਣ ਧਮਕਾਉਣ ਦਾ ਪਰਚਾ ਦਰਜ
ਏਬੀਪੀ ਸਾਂਝਾ | 29 Mar 2018 08:09 PM (IST)
ਅਮਨਦੀਪ ਦੀਕਸਿ਼ਤ ਚੰਡੀਗੜ੍ਹ: ਡੇਰਾ ਸਿਰਸਾ ਦੇ ਲੈਂਡ ਮਾਫੀਆ ਦੇ ਚੱਲ ਰਹੇ ਮਾਮਲੇ ਨੇ ਇਕ ਨਵਾਂ ਮੋੜ ਲਿਆ ਹੈ। ਪੰਚਕੂਲਾ 'ਚ ਰਾਮ ਰਹੀਮ ਦੇ ਖਾਸਮ ਖਾਸ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਡੇਰੇ ਦੇ ਲੈਂਡ ਮਾਫੀਆ ਦੀ ਗੁੰਡਾ ਗਰਦੀ ਖਤਮ ਨਹੀਂ ਹੋਈ। ਬਿਲਡਰ ਅਜੇਵੀਰ ਦੀ ਜ਼ੀਰਕਪੁਰ ਜ਼ਮੀਨ 'ਤੇ ਕਬਜ਼ਾ ਕਰਨ ਦਾ ਮਾਮਲਾ ਦਰਜ ਹੋਣ ਤੋਂ ਬਾਅਦ, ਹੁਣ ਬਾਬੇ ਦੇ ਕਰੀਬੀ ਤੇ ਅਜੇਵੀਰ ਦੇ ਮੈਨੇਜਰ ਨੂੰ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ੀਰਕਪੁਰ ਪੁਲਿਸ ਨੇ ਦੀਵਾਨ ਬੱਲ ਕ੍ਰਿਸ਼ਨ ਦੇ ਖਿਲਾਫ ਅਨਿਲ ਸ਼ਰਮਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਇਲਜ਼ਾਮ ਹੇਠ ਧਾਰਾ 452, 294, 506 ਪਰਚਾ ਦਰਜ ਕਰ ਦਿੱਤਾ ਹੈ। ਅਨਿਲ ਸ਼ਰਮਾ ਦੀ ਸ਼ਿਕਾਇਤ ਦੇ ਮੁਤਾਬਿਕ ਦੀਵਾਨ ਬੱਲ ਕ੍ਰਿਸ਼ਨ ਤੇ ਉਸਦੇ ਸਾਥੀ ਚੰਡੀਗੜ੍ਹ ਕੋਲੋਨਾਇਜ਼ਰ ਦੇ ਦਫ਼ਤਰ ਸੈਕਟਰ 3 ਪੰਚਕੂਲਾ 'ਚ ਜ਼ਬਰਦਸਤੀ ਪਹੁੰਚ ਕੇ ਅਜੇਵੀਰ ਦਾ ਪਤਾ ਪੁੱਛਣ ਲਗੇ। ਅਨਿਲ ਦੇ ਇਲਜ਼ਾਮਾਂ ਮੁਤਾਬਿਕ ਦੀਵਾਨ ਬੱਲ ਕ੍ਰਿਸ਼ਨ ਨੇ ਆਪਣੇ ਸਾਥੀਆਂ ਸਮੇਤ ਜ਼ੀਰਕਪੁਰ ਓਪੇਰਾ ਗਾਰਡਨ 'ਚ ਪਹੁੰਚ ਕੇ ਕਰਮਚਾਰੀਆਂ ਨੂੰ ਵੀ ਧਮਕਾਇਆ। ਮੋਹਾਲੀ ਪੁਲਿਸ ਨੇ ਸ਼ਿਕਾਇਤ ਦੀ ਜਾਂਚ ਦੌਰਾਨ ਅਨਿਲ ਦੇ ਦਫਤਰ ਦੀ CCTV ਕੈਮਰੇ ਦੀਆਂ ਫੋਟੋਆਂ ਸਾਹਮਣੇ ਆਈਆਂ। ਪੁਲਿਸ ਦੀ ਜਾਂਚ 'ਚ ਸਾਹਮਣੇ ਆਇਆ ਕਿ ਅਨਿਲ ਵੱਲੋਂ ਲਗਾਏ ਇਲਜ਼ਾਮ ਕੈਮਰੇ 'ਚ ਕੈਦ ਫੁਟੇਜ ਬਿਆਨ ਕਰਦੇ ਹਨ। ਪੁਲਿਸ ਨੇ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਹੈ। ਕੌਣ ਹੈ ਦੀਵਾਨ ਬੱਲ ਕ੍ਰਿਸ਼ਨ ਬਿਲਡਰ ਅਜੇਵੀਰ ਵਲੋਂ ਡੇਰੇ ਦੇ ਲੈਂਡ ਮਾਫੀਆ ਖਿਲਾਫ ਕਰਾਈ ਕਾਰਵਾਈ ਦੀ ਸ਼ਿਕਾਇਤ 'ਚ ਦੱਸਿਆ ਸੀ, ਕਿ ਜਦੋੰ ਰਾਮ ਰਹੀਮ ਦੇ ਗੁਰਗੇ ਉਸਨੂੰ ਰਾਮ ਰਹੀਮ ਕੋਲ ਲੈ ਕੇ ਗਏ ਸੀ, ਤਾਂ ਰਾਮ ਰਹੀਮ ਨੇ ਦੀਵਾਨ ਬੱਲ ਕ੍ਰਿਸ਼ਨ ਦੇ ਨਾਮ ਜ਼ਮੀਨ ਲਵਾਉਣ ਲਈ ਕਿਹਾ ਸੀ। ਅਜੇਵੀਰ ਦੇ ਇਲਜ਼ਾਮਾਂ ਮੁਤਾਬਿਕ ਦੀਵਾਨ ਬੱਲ ਕ੍ਰਿਸ਼ਨ ਹੋਰ 40 ਮੁਲਜ਼ਮਾਂ ਸਮੇਤ ਉਸਦੀ ਜ਼ਮੀਨ ਹੜੱਪਣਾ ਚਾਉਂਦੇ ਸੀ। 28 ਫਰਵਰੀ ਨੂੰ ਅਜੇਵੀਰ ਨੇ ਡੇਰੇ ਦੇ ਲੈਂਡ ਮਾਫੀਆ ਦਾ ਖੁਲਾਸਾ ਕਰਦੇ ਮਾਮਲਾ ਦਰਜ ਕਰਾਇਆ ਸੀ। ਜਿਸਦੀ ਤਾਫਤੀਸ਼ ਪੰਚਕੂਲਾ ਪੁਲਿਸ ਕਰ ਰਹੀ ਹੈ।