ਚੰਡੀਗੜ੍ਹ: ਅਧਿਆਪਕ ਸਿੱਖਿਆ ਮੰਤਰੀ ਨੂੰ ਘੇਰਨ ਦੀਨਾਨਗਰ ਵੱਲ ਧਾਵਾ ਬੋਲਣਗੇ। ਅਧਿਆਪਕਾਂ ਨੇ ਐਲਾਨ ਕੀਤਾ ਕਿ ਇੱਕ ਅਪਰੈਲ ਨੂੰ ਦੀਨਾਨਗਰ ਵਿੱਚ ਵੱਡੀ ਰੈਲੀ ਕੀਤੀ ਜਾਏਗੀ। ਦਰਅਸਲ ਬੁੱਧਵਾਰ ਨੂੰ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੀ ਮੀਟਿੰਗ ਸਿਵਲ ਸੈਕਟਰੀਏਟ ਵਿੱਚ ਸਿੱਖਿਆ ਮੰਤਰੀ ਅਰੁਣਾ ਚੌਧਰੀ ਨਾਲ ਹੋਈ। ਮੀਟਿੰਗ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ , ਡੀਜੀਐਸਈ ਪ੍ਰਸ਼ਾਂਤ ਗੋਇਲ ਹਾਜ਼ਰ ਸਨ। ਮੀਟਿੰਗ ਪੰਜ ਵਜੇ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲੀ। ਮੀਟਿੰਗ ਵਿੱਚ ਤਬਾਦਲਾ ਨੀਤੀ, ਠੇਕੇ 'ਤੇ ਕੰਮ ਕਰਦੇ ਸਿੱਖਿਆ ਪ੍ਰੋਵਾਈਡਰ, ਈਜੀਐਸ, ਐਸਟੀਆਰ, ਏਈਆਈ, ਸਾਰੇ ਅਧਿਆਪਕਾਂ ਨੂੰ ਰੈਗੂਲਰ ਕਰਨ, ਐਸਐਸਏ, ਰਮਸਾ, ਕੰਪਿਊਟਰ, 5178 ਅਧਿਆਪਕਾਂ ਨੂੰ ਪੂਰੀ ਤਨਖਾਹ ਤੇ ਰੈਗੂਲਰ ਕਰਨ, ਬੇਰੁਜਗਾਰ ਈ.ਟੀ.ਟੀ/ਬੀ.ਐਡ ਟੈੱਟ ਪਾਸ ਦੀ ਭਰਤੀ ਕਰਨ ਦੀ ਮੰਗ 'ਤੇ ਚਰਚਾ ਕੀਤੀ ਗਈ। ਇਸ ਮੌਕੇ ਸਿੱਖਿਆ ਮੰਤਰੀ ਨੇ ਸਾਰੀਆਂ ਮੰਗਾਂ 'ਤੇ ਸੰਜੀਦਗੀ ਜਿਤਾr ਪਰ ਜਥੇਬੰਦੀ ਨੇ ਠੋਸ ਹੱਲ ਦੀ ਮੰਗ ਰੱਖੀ ਕਿ ਤੁਰੰਤ ਇਸ ਦੇ ਹੱਲ ਲਈ ਸਰਕਾਰ ਨੀਤੀ ਸ਼ਪੱਸ਼ਟ ਕਰੇ ਪਰ ਸਿੱਖਿਆ ਮੰਤਰੀ ਨੇ ਠੋਸ ਹੱਲ ਦੇਣ ਤੋਂ ਟਾਲ-ਮਟੋਲ ਕੀਤਾ ਤੇ ਤਬਾਦਲਾ ਨੀਤੀ ਤੇ ਰਿਵਿਊ ਕਰਨ ਲਈ ਕਿਹਾ। ਇਸ ਤੇ ਮੰਚ ਲਿਖਤੀ ਤੌਰ ਤੇ ਮਸਲੇ ਦੇ ਹੱਲ ਲਈ ਅੜਿਆ ਰਿਹਾ ਜਿਸ ਸਬੰਧੀ ਉਨ੍ਹਾਂ ਠੋਸ ਫੈਸਲਾ ਨਾ ਕਰਦਿਆ ਰਿਵਿਊ ਕਰਨ ਤੋਂ ਬਾਅਦ ਫੈਸਲਾ ਕਰਨ ਦੀ ਗੱਲ ਕਹੀ। ਇਸ ਕਰਕੇ ਮੰਚ ਨੇ ਫੈਸਲਾ ਕੀਤਾ ਕਿ 1 ਅਪ੍ਰੈਲ ਦੀ ਦੀਨਾਨਗਰ ਰੈਲੀ ਕੀਤੀ ਜਾਏਗੀ। ਰੈਲੀ ਦੌਰਾਨ ਵੱਡੇ ਐਲਾਨ ਹੋਣਗੇ। ਇਸ ਵਿੱਚ ਬੱਚੇ ਪੜ੍ਹਾਉਣ ਤੋਂ ਬਿਨਾ ਸਿੱਖਿਆ ਵਿਭਾਗ ਦੇ ਸਾਰੇ ਪ੍ਰੋਜੈਕਟ ਪੜ੍ਹੋ ਪੰਜਾਬ, ਡਾਕਾਂ ਦਾ ਬਾਈਕਾਟ ਤੇ ਗੈਰ ਵਿਦਿਅਕ ਕੰਮਾਂ ਦੇ ਬਾਈਕਾਟ ਦਾ ਐਲਾਨ ਹੋਵੇਗਾ। ਪੰਜਾਬ ਭਰ ਵਿੱਚੋਂ ਅਧਿਆਪਕ 50000 ਦੀ ਗਿਣਤੀ ਵਿੱਚ ਦੀਨਾ ਨਗਰ ਪੁੱਜਣਗੇ।