ਲੁਧਿਆਣਾ: ਇੱਕ ਮਸ਼ਹੂਰ ਕਹਾਵਤ ਹੈ ਕਿ ਜਿੱਥੇ ਚਾਹ ਉੱਥੇ ਰਾਹ। ਇਸੇ ਅਖਾਣ ਨੂੰ ਸੱਚ ਕਰ ਰਹੀ ਹੈ ਲੁਧਿਆਣਾ ਦੀ ਰਹਿਣ ਵਾਲੀ 44 ਸਾਲਾ ਰਜਨੀ ਬਾਲਾ। ਰਜਨੀ ਨੇ ਆਪਣੇ ਪੁੱਤਰ ਨਾਲ 10ਵੀਂ ਦੇ ਇਮਤਿਹਾਨ ਦਿੱਤੇ ਹਨ। 1989 ਵਿੱਚ ਰਜਨੀ ਨੇ ਨੌਵੀਂ ਜਮਾਤ ਪਾਸ ਕੀਤੀ ਸੀ, ਪਰ ਪਰਿਵਾਰਕ ਮਜਬੂਰੀਆਂ ਕਾਰਨ ਉਸ ਨੇ ਪੜ੍ਹਾਈ ਛੱਡ ਦਿੱਤੀ ਸੀ। ਇੰਨਾ ਸਮਾਂ ਲੰਘਣ ਦੇ ਬਾਵਜੂਦ ਰਜਨੀ ਨੇ ਆਪਣੇ ਇਰਾਦੇ ਮਜ਼ਬੂਤ ਰੱਖੇ ਤੇ 29 ਸਾਲ ਪੜ੍ਹਾਈ ਤੋਂ ਦੂਰ ਰਹਿਣ ਦੇ ਬਾਵਜੂਦ ਦਸਵੀਂ ਦੇ ਇਮਤਿਹਾਨ ਦਿੱਤੇ। ਰਜਨੀ ਤਿੰਨ ਬੱਚਿਆਂ ਦੀ ਮਾਂ ਹੈ ਤੇ ਲੁਧਿਆਣਾ ਸਿਵਲ ਹਸਪਤਾਲ ਵਿੱਚ ਅਟੈਂਡੇਂਟ ਦਾ ਕੰਮ ਕਰਦੀ ਹੈ ਤੇ ਹੁਣ ਉਹ ਗ੍ਰੈਜੂਏਸ਼ਨ ਕਰਨਾ ਚਾਹੁੰਦੀ ਹੈ। ਰਜਨੀ ਨੇ ਕਿਹਾ, "ਮੇਰੇ ਪਤੀ ਕਈ ਸਾਲਾਂ ਤੋਂ ਮੈਨੂੰ ਆਪਣੀ ਪੜ੍ਹਾਈ ਪੂਰੀ ਕਰਨ ਲਈ ਕਹਿ ਰਹੇ ਸਨ। ਮੇਰੇ ਤਿੰਨ ਬੱਚੇ ਹਨ ਤੇ ਮੈਂ ਉਨ੍ਹਾਂ ਨੂੰ ਪੜ੍ਹਾਉਣਾ ਚਾਹੁੰਦੀ ਹਾਂ। ਸਿਵਲ ਹਸਪਤਾਲ ਵਿੱਚ ਨੌਕਰੀ ਕਰਦਿਆਂ ਮੈਨੂੰ ਦਸਵੀਂ ਦੀ ਅਹਿਮੀਅਤ ਦਾ ਪਤਾ ਲੱਗਾ। ਫਿਰ ਮੈਂ ਆਪਣੇ ਪੁੱਤਰ ਨਾਲ ਦਸਵੀਂ ਦੀ ਤਿਆਰੀ ਸ਼ੁਰੂ ਕਰ ਦਿੱਤੀ। ਮੈਂ ਤੇ ਮੇਰਾ ਬੇਟਾ ਇਕੱਠੇ ਸਕੂਲ ਜਾਂਦੇ ਤੇ ਪੜ੍ਹਾਈ ਕਰਦੇ ਸਾਂ।" ਰਜਨੀ ਲਈ ਦਸਵੀਂ ਦੇ ਇਮਤਿਹਾਨ ਸੌਖੇ ਨਹੀਂ ਰਹੇ। ਉਨ੍ਹਾਂ ਪੜ੍ਹਾਈ ਦੇ ਨਾਲ ਨਾਲ ਨੌਕਰੀ ਵੀ ਕੀਤੀ ਤੇ ਆਪਣਾ ਘਰ ਵੀ ਸੰਭਾਲਿਆ। ਰਜਨੀ ਸਵੇਰੇ ਛੇਤੀ ਉੱਠ ਜਾਂਦੀ ਸੀ ਤੇ ਆਪਣੇ ਪਰਿਵਾਰ ਲਈ ਰੋਟੀ-ਟੁੱਕ ਵੀ ਤਿਆਰ ਕਰਦੀ ਸੀ। ਰਜਨੀ ਮੁਤਾਬਕ ਉਨ੍ਹਾਂ ਦੀ ਸੱਸ ਪੜ੍ਹੀ-ਲਿਖੀ ਨਾ ਹੋਣ ਦੇ ਬਾਵਜੂਦ ਉਸ ਨੂੰ ਪੜ੍ਹਨ ਲਈ ਹੱਲਾਸ਼ੇਰੀ ਦਿੰਦੀ ਸੀ। ਰਜਨੀ ਨੇ ਕਿਹਾ ਕਿ ਹੁਣ ਉਹ ਗ੍ਰੈਜੂਏਸ਼ਨ ਵੀ ਕਰਨਾ ਚਾਹੁੰਦੀ ਹੈ। ਉਨ੍ਹਾਂ ਦੇ ਬੇਟੇ ਨੇ ਵੀ ਕਿਹਾ ਕਿ ਉਹ ਆਪਣੀ ਮਾਂ ਨਾਲ ਹੀ ਗ੍ਰੈਜੂਏਸ਼ਨ ਕਰਨਾ ਚਾਹੁੰਦਾ ਹੈ। ਰਜਨੀ ਦੇ ਪਤੀ ਦਾ ਮੰਨਣਾ ਹੈ ਕਿ ਅੱਜ ਦੇ ਦੌਰ ਵਿੱਚ ਪੜ੍ਹਾਈ ਲਿਖਾਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ 17 ਸਾਲ ਦੇ ਵਕਫੇ ਤੋਂ ਬਾਅਦ ਪੂਰੀ ਕੀਤੀ ਸੀ।