ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਅਤੇ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰ ਪ੍ਰਦੀਪ ਕੁਮਾਰ ਰਾਜੂ ਦੀ ਛੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੋਸਟਮਾਰਟਮ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਉਸ ਦੀ ਲਾਸ਼ ਕੋਟਕਪੂਰਾ ਸਥਿਤ ਡੇਰੇ ਦੇ ਨਾਮਚਰਚਾ ਘਰ 'ਚ ਰੱਖੀ ਗਈ ਅਤੇ ਸ਼ੁੱਕਰਵਾਰ ਨੂੰ ਦਿਨ ਭਰ ਪੁਲਿਸ ਪ੍ਰਸ਼ਾਸਨ ਦੀਆਂ ਪਰਿਵਾਰ ਅਤੇ ਡੇਰਾ ਕਮੇਟੀ ਨਾਲ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਹਨ। ਅਖੀਰ ਸ਼ਾਮ 4.15 ਵਜੇ ਦੇ ਕਰੀਬ ਪਰਿਵਾਰ ਬਿਨਾਂ ਸ਼ਰਤ ਅੰਤਿਮ ਸੰਸਕਾਰ ਲਈ ਰਾਜ਼ੀ ਹੋ ਗਿਆ, ਜਿਸ ਉਪਰੰਤ ਪ੍ਰਦੀਪ ਕੁਮਾਰ ਦਾ ਸਥਾਨਕ ਸ੍ਰੀ ਰਾਮ ਬਾਗ ਵਿਖੇ ਧਾਰਮਿਕ ਰਸਮਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।


ਜਾਣਕਾਰੀ ਮੁਤਾਬਕ ਬਰਗਾੜੀ ਬੇਅਦਬੀ ਮਾਮਲੇ ਦੀਆਂ ਦੋ ਘਟਨਾਵਾਂ 'ਚ ਜ਼ਮਾਨਤ 'ਤੇ ਬਾਹਰ ਆਏ ਡੇਰਾ ਸਮਰਥਕ ਪ੍ਰਦੀਪ ਕੁਮਾਰ ਰਾਜੂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਘਟਨਾ ਤੋਂ ਕੁਝ ਸਮੇਂ ਬਾਅਦ ਕੈਨੇਡਾ 'ਚ ਬੈਠੇ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ 'ਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। 


ਘਟਨਾ ਤੋਂ ਬਾਅਦ ਪਰਿਵਾਰ ਨੇ ਇਨਸਾਫ਼ ਮਿਲਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਲਗਾਤਾਰ ਪਰਿਵਾਰ ਅਤੇ ਡੇਰਾ ਕਮੇਟੀ ਨੂੰ ਮਨਾਉਣ ਵਿੱਚ ਰੁੱਝਿਆ ਹੋਇਆ ਸੀ।


ਸ਼ੁੱਕਰਵਾਰ ਨੂੰ ਐੱਸਡੀਐੱਮ ਦਫ਼ਤਰ ਵਿੱਚ ਪਹਿਲੀ ਮੀਟਿੰਗ ਹੋਈ ਅਤੇ ਉਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਅੰਤ ਵਿੱਚ ਸਹਿਮਤੀ ਲੈਣ ਉਪਰੰਤ ਨਾਮ ਚਰਚਾ ਘਰ ਤੋਂ ਅੰਤਿਮ ਯਾਤਰਾ ਸ਼ੁਰੂ ਕੀਤੀ ਗਈ ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਸ੍ਰੀ ਰਾਮਬਾਗ ਪਹੁੰਚੀ ਅਤੇ ਇੱਥੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਪ੍ਰਦੀਪ ਕੁਮਾਰ ਦਾ ਅੰਤਿਮ ਸੰਸਕਾਰ ਕੀਤਾ ਗਿਆ। 


ਇਸ ਮੌਕੇ ਆਈਜੀ ਫਿਰੋਜ਼ਪੁਰ ਜਸਕਰਨ ਸਿੰਘ ਨੇ ਦੱਸਿਆ ਕਿ ਘਟਨਾ ਦੇ ਬਾਅਦ ਤੋਂ ਹੀ ਪੁਲਿਸ ਪ੍ਰਸ਼ਾਸਨ ਨੇ ਪਰਿਵਾਰ ਅਤੇ ਡੇਰਾ ਕਮੇਟੀ ਨਾਲ ਰਾਬਤਾ ਕਾਇਮ ਕਰ ਲਿਆ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੀਟਿੰਗ ਦੌਰਾਨ ਪੁਲਿਸ ਨੇ ਪਰਿਵਾਰ ਅਤੇ ਡੇਰਾ ਕਮੇਟੀ ਨੂੰ ਠੋਸ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਨੇ ਸਸਕਾਰ ਲਈ ਹਾਮੀ ਭਰ ਦਿੱਤੀ ਹੈ |


ਡੇਰੇ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਦੇ ਸਾਰੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਵਿੱਚੋਂ ਕੁਝ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਪਰਿਵਾਰ ਅਤੇ ਹੋਰ ਡੇਰਾ ਪੈਰੋਕਾਰਾਂ ਦੀ ਸੁਰੱਖਿਆ 'ਤੇ ਸਖ਼ਤ ਨਜ਼ਰ ਰੱਖਣ ਦਾ ਭਰੋਸਾ ਦਿੱਤਾ ਹੈ, ਜਿਸ ਤੋਂ ਬਾਅਦ ਦੋਵੇਂ ਧਿਰਾਂ ਰਾਜ਼ੀ ਹੋ ਗਈਆਂ ਹਨ। 


ਇਸ ਮੌਕੇ ਮ੍ਰਿਤਕ ਦੀ ਬੇਟੀ ਲਵਜੋਤ ਕਟਾਰੀਆ ਨੇ ਕਿਹਾ ਕਿ ਉਸ ਦੇ ਪਿਤਾ ਦਾ ਨਹੀਂ ਸਗੋਂ ਇਨਸਾਨੀਅਤ ਦਾ ਕਤਲ ਹੋਇਆ ਹੈ। ਮਰਨ ਤੋਂ ਬਾਅਦ ਵੀ ਉਸ ਨੇ ਅੱਖਾਂ ਦਾਨ ਕਰਕੇ ਮਿਸਾਲ ਕਾਇਮ ਕੀਤੀ ਹੈ।