ਡੇਰਾ ਪ੍ਰੇਮੀ ਵੱਲੋਂ ਜੇਲ੍ਹ 'ਚ ਫਾਹਾ ਲੈਕੇ ਖੁਦਕੁਸ਼ੀ
ਏਬੀਪੀ ਸਾਂਝਾ | 05 Sep 2017 09:32 AM (IST)
ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਨੂੰ ਇੱਕ ਸਾਧਵੀ ਨਾਲ ਬਲਾਤਕਾਰ ਦੇ ਕੇਸ ਵਿੱਚ 25 ਅਗਸਤ ਨੂੰ ਸੀ ਬੀ ਆਈ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਪਿੱਛੋਂ ਪੰਚਕੂਲਾ ‘ਚ ਭੜਕੀ ਹਿੰਸਾ ਅਤੇ ਸਾੜਫੂਕ ‘ਚ ਸ਼ਾਮਲ ਇਕ ਡੇਰਾ ਪ੍ਰੇਮੀ ਨੇ ਕੱਲ੍ਹ ਕੇਂਦਰੀ ਜੇਲ ਅੰਬਾਲਾ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਿਲ ਸਕੀ ਜਾਣਕਾਰੀ ਮੁਤਾਬਕ ਖੁਦਕੁਸ਼ੀ ਕਰਨ ਵਾਲਾ 27 ਸਾਲਾ ਨੌਜਵਾਨ ਰਵਿੰਦਰ ਕੁਮਾਰ ਪੁੱਤਰ ਪੰਮਾ ਸਿੰਘ ਸਰਸਾਵਾ ਜ਼ਿਲਾ ਸਹਾਰਨਪੁਰ ਉਤਰ ਪ੍ਰਦੇਸ਼ ਦਾ ਵਸਨੀਕ ਸੀ। ਉਸ ਦੇ ਖਿਲਾਫ ਪੰਚਕੂਲਾ ਪੁਲਸ ਨੇ ਵੱਖ-ਵੱਖ ਧਾਰਾਵਾਂ ਦਾ ਕੇਸ ਦਰਜ ਕੀਤਾ ਸੀ ਤੇ 26 ਅਗਸਤ ਨੂੰ ਗ੍ਰਿਫਤਾਰ ਕਰਕੇ ਸੈਂਟਰਲ ਜੇਲ ਅੰਬਾਲਾ ਭੇਜਿਆ ਸੀ। ਜੇਲ ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ ਦੋ ਵਜੇ ਦੇ ਕਰੀਬ ਰਵਿੰਦਰ ਬੈਰਕ ਦੇ ਨਾਲ ਲੱਗਦੇ ਬਾਥਰੂਮ ‘ਚ ਗਿਆ, ਜਦੋਂ ਕਾਫੀ ਦੇਰ ਤੱਕ ਬਾਹਰ ਨਹੀਂ ਆਇਆ ਤਾਂ ਦੂਜੇ ਕੈਦੀਆਂ ਵੱਲੋਂ ਕਿਸੇ ਅਣਹੋਣੀ ਦਾ ਸ਼ੱਕ ਪ੍ਰਗਟਾਉਂਦਿਆਂ ਰੌਲਾ ਪਾ ਕੇ ਇਸ ਦੀ ਜਾਣਕਾਰੀ ਜੇਲ ਵਾਰਡਨ ਨੂੰ ਦਿੱਤੀ। ਡਿਊਟੀ ਦੇ ਰਹੇ ਕਰਮਚਾਰੀਆਂ ਨੇ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਖੋਲ੍ਹਿਆ ਤਾਂ ਅੰਦਰ ਡੇਰਾ ਪ੍ਰੇਮੀ ਰਵਿੰਦਰ ਗਲੇ ‘ਚ ਫਾਹਾ ਲੈ ਕੇ ਲਟਕਿਆ ਹੋਇਆ ਸੀ। ਉਸ ਦੀ ਖੁਦਕੁਸ਼ੀ ਕਰਨ ਦੀ ਖਬਰ ਸੁਣ ਕੇ ਉਚ ਪੁਲਸ ਅਧਿਕਾਰੀ ਜੇਲ ਵਿੱਚ ਪਹੁੰਚ ਗਏ। ਥੋੜ੍ਹੀ ਦੇਰ ਪਿੱਛੋਂ ਡਿਊਟੀ ਮੈਜਿਸਟਰੇਟ ਐਡਵੋਕੇਟ ਸ਼ੇਰ ਸਿੰਘ ਵੀ ਓਥੇ ਪਹੁੰਚੇ ਅਤੇ ਉਨ੍ਹਾਂ ਨੇ ਜੇਲ ਅਧਿਕਾਰੀਆਂ ਅਤੇ ਇਸ ਕੇਸ ਦੀ ਜਾਣਕਾਰੀ ਦੇਣ ਵਾਲੇ ਦੂਜੇ ਕਈ ਲੋਕਾਂ ਦੇ ਬਿਆਨ ਕਲਮਬੱਧ ਕੀਤੇ। ਜੇਲ ਅਧਿਕਾਰੀਆਂ ਦੇ ਦੱਸਣ ਮੁਤਾਬਕ ਪਹਿਲੀ ਸਤੰਬਰ ਨੂੰ ਰਵਿੰਦਰ ਦੀ ਮਾਂ ਉਸ ਨੂੰ ਮਿਲਣ ਆਈ ਸੀ। ਉਸ ਸਮੇਂ ਰਵਿੰਦਰ ਨੂੰ ਉਹ ਜਿਹੜਾ ਸਮਾਨ ਦੇ ਕੇ ਗਈ, ਉਸ ‘ਚ ਉਹ ਸਾਫਾ (ਸਿਰ ‘ਤੇ ਬੰਨ੍ਹਣ ਵਾਲਾ ਕੱਪੜਾ) ਵੀ ਸੀ, ਜਿਸ ਨੂੰ ਗਲੇ ਵਿੱਚ ਪਾ ਕੇ ਰਵਿੰਦਰ ਨੇ ਖੁਦਕੁਸ਼ੀ ਕੀਤੀ ਹੈ।