ਚੰਡੀਗੜ੍ਹ: ਪੰਜਾਬ ਵਿੱਚ ਵੱਡੀ ਪੱਧਰ 'ਤੇ ਹਿੰਸਾ ਫੈਲਾਉਣ ਲਈ ਡੇਰੇ ਵੱਲੋ ਅੱਠ ਮੈਂਬਰੀ ਕਮੇਟੀ ਬਣਾਈ ਗਈ ਸੀ। ਇਹ ਕਮੇਟੀ ਡੇਰੇ ਦੇ ਵਿਸ਼ਵਾਸਪਾਤਰ ਰਾਕੇਸ਼ ਕੁਮਾਰ ਵੱਲੋਂ ਬਣਾਈ ਗਈ ਸੀ। ਇਸ ਨੂੰ ਏ ਟੀਮ ਦਾ ਨਾਮ ਦਿੱਤਾ ਗਿਆ ਸੀ ਜਿਸਦਾ ਇੰਚਾਰਜ ਮੁਕਤਸਰ ਦੇ ਰਵੀ ਕੁਮਾਰ ਨੂੰ ਬਣਾਇਆ ਗਿਆ ਸੀ। ਇਹ ਵੱਡਾ ਦਾਅਵਾ ਸੰਗਰੂਰ ਪੁਲਿਸ ਨੇ ਕੀਤਾ ਹੈ। ਇਹ ਖੁਲਾਸਾ ਅੱਠ ਮੈਂਬਰੀ ‘ਏ ਟੀਮ’ ਦੇ ਮੈਂਬਰ ਚੁਨੀ ਚੰਦ ਵਾਸੀ ਸ਼ੇਰਪੁਰ ਸਮੇਤ ਦੋ ਜਣਿਆਂ ਦੀ ਗ੍ਰਿਫ਼ਤਾਰੀ ਮਗਰੋਂ ਅੱਜ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਸਿੱਧੂ ਨੇ ਦੱਸਿਆ ਕਿ ਦੁਨੀ ਚੰਦ ਨੂੰ ਦਿੜ੍ਹਬਾ ਪੁਲੀਸ ਵੱਲੋਂ ਬਾਹੱਦ ਪਿੰਡ ਗੁੱਜਰਾਂ ਤੋਂ ਰਿਟਜ਼ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਜਾਂਚ ਦੌਰਾਨ 1 ਲੱਖ 70 ਹਜ਼ਾਰ ਰੁਪਏ ਨਕਦੀ, ਪੀਸੀਆਂ ਹੋਈਆਂ ਮਿਰਚਾਂ ਅਤੇ ਡੇਰਾ ਸਿਰਸਾ ਨਾਲ ਸਬੰਧਤ ਸਾਹਿਤ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਰਣਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੁਨੀ ਚੰਦ ਮਾਲਵਾ ਏਰੀਆ ਵਿਚ ਅੱਗ ਲਾਉਣ, ਭੰਨ-ਤੋੜ ਕਰਨ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਵਾਰਦਾਤਾਂ ਦਾ ਮੁੱਖ ਸਾਜ਼ਿਸ਼ਕਾਰ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਪੁਲੀਸ ਵੱਲੋਂ 59 ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਤੋਂ ਹਿੰਸਕ ਵਾਰਦਾਤਾਂ ਕਰਨ ਸਮੇਂ ਵਰਤੇ 22 ਮੋਟਰਸਾਈਕਲ ਅਤੇ ਤਿੰਨ ਕਾਰਾਂ-ਜੀਪਾਂ ਵੀ ਪੁਲੀਸ ਨੇ ਕਬਜ਼ੇ ਵਿੱਚ ਲਈਆਂ ਹਨ। ਕਿਵੇ ਬਣੀ ਹਿੰਸਾ ਦੀ ਯੋਜਨਾ: ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਦੁਨੀ ਚੰਦ ਨੇ ਖੁਲਾਸਾ ਕੀਤਾ ਹੈ ਕਿ ਡੇਰਾ ਸਿਰਸਾ ਮੁਖੀ ਦਾ ਵਿਸ਼ਵਾਸ ਪਾਤਰ ਰਾਕੇਸ਼ ਕੁਮਾਰ, ਜੋ ਸਿਰਸਾ ਰਹਿੰਦਾ ਹੈ, ਨੇ ਪੰਜਾਬ ਵਿੱਚ ਹਿੰਸਾ ਭੜਕਾਉਣ ਲਈ ਅੱਠ ਮੈਂਬਰੀ ਕਮੇਟੀ (ਏ ਟੀਮ) ਬਣਾਈ ਸੀ। ਇਸ ਟੀਮ ਦਾ ਇੰਚਾਰਜ ਰਵੀ ਕੁਮਾਰ ਵਾਸੀ ਮੁਕਤਸਰ ਨੂੰ ਬਣਾਇਆ ਗਿਆ। ‘ਏ ਟੀਮ’ ਦੀ ਪਹਿਲੀ ਮੀਟਿੰਗ 17 ਅਗਸਤ ਨੂੰ ਸਿਰਸਾ ਵਿੱਚ ਰਾਤ ਨੂੰ ਦੋ ਵਜੇ ਹੋਈ ਸੀ, ਜੋ ਕਰੀਬ 40 ਮਿੰਟ ਤੱਕ ਚੱਲੀ ਸੀ। ਟੀਮ ਨੂੰ ਅੱਗੇ ਦੋ ਟੀਮਾਂ ਵਿੱਚ ਵੰਡਿਆ ਗਿਆ। ਪੰਜ ਮੈਂਬਰਾਂ ਨੂੰ ਬਠਿੰਡਾ, ਪਟਿਆਲਾ, ਮਾਨਸਾ, ਬਰਨਾਲਾ ਅਤੇ ਸੰਗਰੂਰ ਦਾ ਇੰਚਾਰਜ ਬਣਾਇਆ ਗਿਆ ਜਦੋਂ ਕਿ ਤਿੰਨ ਮੈਂਬਰਾਂ ਨੂੰ ਬਾਕੀ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ। ਮੀਟਿੰਗ ਤੋਂ ਬਾਅਦ ਘਰ ਪਹੁੰਚ ਕੇ ਕਮੇਟੀ ਮੈਂਬਰਾਂ ਨੂੰ ਆਪਣੇ ਸਮਰਥਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਮੁੜ 20 ਅਗਸਤ ਨੂੰ ਡੇਰਾ ਸਿਰਸਾ ਅੰਦਰ ਡੇਰੇ ਦੇ ਵੱਖ-ਵੱਖ ਕਮੇਟੀਆਂ ਦੇ ਮੈਂਬਰਾਂ ਨਾਲ ਡੇਰੇ ਦੀ ਮੈਨੇਜਮੈਂਟ ਵੱਲੋਂ ਮੀਟਿੰਗ ਕੀਤੀ ਅਤੇ ਸਾਰੇ ਮੈਂਬਰਾਂ ਨੂੰ ਫੈਸਲੇ ਵਾਲੇ ਦਿਨ ਪੰਚਕੂਲਾ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਲਈ ਆਖਿਆ ਗਿਆ। ਫਿਰ 23 ਅਗਸਤ ਨੂੰ ਦਿੜ੍ਹਬਾ ਵਿੱਚ ਮੀਟਿੰਗ ਹੋਈ। ਅਗਲੇ ਦਿਨ ਸੰਗਰੂਰ ’ਚ ਇੱਕ ਡੇਰਾ ਪ੍ਰੇਮੀ ਦੇ ਘਰ ਮੀਟਿੰਗ ਹੋਈ। ਮੀਟਿੰਗ ’ਚ ਡੇਰਾ ਮੁਖੀ ਖ਼ਿਲਾਫ਼ ਫੈਸਲਾ ਆਉਣ ’ਤੇ ਸਰਕਾਰੀ ਜਾਇਦਾਦ ਦੀ ਭੰਨ ਤੋੜ ਅਤੇ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਦਾ ਸੰਦੇਸ਼ ਦਿੱਤਾ ਗਿਆ।