ਚੰਡੀਗੜ੍ਹ: ਪੰਜਾਬ ਸਰਕਾਰ ਡੇਰਾ ਮੁਖੀਆਂ ਦੀ ਸੁਰੱਖਿਆ ਲਈ ਕਰੋੜਾਂ ਰੁਪਏ ਖ਼ਰਚ ਕਰਦੀ ਹੈ। ਇੰਨਾ ਹੀ ਨਹੀਂ ਜ਼ਿਆਦਾਤਰ ਡੇਰਿਆਂ ਦੇ ਮੁਖੀਆਂ ਨੂੰ ਜ਼ੈੱਡ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਕੈਪਟਨ ਸਰਕਾਰ ਬਣਨ 'ਤੇ ਸਿਆਸੀ ਆਗੂਆਂ ਦੀ ਸੁਰੱਖਿਆ ਵਿੱਚ ਕਟੌਤੀ ਤਾਂ ਕੀਤੀ ਗਈ ਪਰ ਡੇਰੇ ਮੁਖੀਆਂ ਦੀ ਸੁਰੱਖਿਆ ਕਾਇਮ ਰਹੀ।
ਸੂਤਰਾਂ ਮੁਤਾਬਕ ਡੇਰਿਆਂ ਨੂੰ ਲੈ ਕੇ ਪੁਲਿਸ ਵੱਲੋਂ ਸਰਕਾਰ ਨੂੰ ਸੌਂਪੀ ਗਈ ਰਿਪੋਰਟ 'ਚ ਕਿਹਾ ਗਿਆ ਕਿ ਡੇਰ ਮੁਖੀਆਂ ਨੂੰ ਸੁਰੱਖਿਆ ਦੀ ਜ਼ਰੂਰਤ ਹੈ ਕਿਉਂਕਿ ਉਨ੍ਹਾਂ ਨੂੰ ਧਮਕੀਆਂ ਮਿਲਦੀਆਂ ਹਨ। ਇਸ ਲਈ ਉਨ੍ਹਾਂ ਦੀ ਸੁਰੱਖਿਆ 'ਚ ਕਟੌਤੀ ਨਹੀਂ ਕੀਤੀ ਜਾ ਸਕਦੀ। ਕੁਝ ਡੇਰਾ ਮੁਖੀਆਂ ਨੂੰ ਅੱਤਵਾਦ ਸਮੇਂ ਤੋਂ ਹੀ ਸੁਰੱਖਿਆ ਦਿੱਤੀ ਜਾ ਰਹੀ ਹੈ।
ਇਨ੍ਹਾਂ ਡੇਰਿਆਂ ਨੂੰ ਮਿਲ ਰਹੀ ਸੁਰੱਖਿਆ:
ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਜ਼ੈੱਡ ਪਲੱਸ ਸੁਰੱਖਿਆ ਤੋਂ ਇਲਾਵਾ ਹਰਿਆਣਾ ਤੇ ਪੰਜਾਬ ਦੇ ਕਮਾਂਡੋ ਵੀ ਦਿੱਤੇ ਗਏ ਸਨ। ਭੈਣੀ ਸਾਹਿਬ ਦੇ ਮੁਖੀ ਸਤਿਗੁਰੂ ਉਦੈ ਸਿੰਘ ਨੂੰ ਮਾਤਾ ਚੰਦ ਕੌਰ ਦੇ ਕਤਲ ਤੋਂ ਬਾਅਦ ਜ਼ੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।
ਰਾਧਾ ਸੁਆਮੀ ਸਤਸੰਗ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ। ਡੇਰਾ ਸੱਚ ਖੰਡ ਬਲਾਂ ਮੁਖੀ ਸੰਤ ਨਿਰੰਜਨ ਦਾਸ ਨੂੰ ਆਸਟ੍ਰੇਲੀਆ 'ਚ 2009 'ਚ ਹਮਲੇ ਤੋਂ ਬਾਅਦ ਜ਼ੈੱਡ ਸੁਰੱਖਿਆ ਦਿੱਤੀ ਗਈ ਹੈ। ਰੋਪੜ ਸਥਿਤ ਬਾਬਾ ਪਿਆਰਾ ਸਿੰਘ ਭਨਿਆਰਾ ਵਾਲੇ ਨੂੰ 2007 ਤੋਂ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੈ।
ਨੂਰਮਹਿਲ ਜਲੰਧਰ ਸਥਿਤ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਮਹਾਰਾਜ ਨੂੰ ਜ਼ੈੱਡ ਸੁਰੱਖਿਆ ਦਿੱਤੀ ਗਈ ਹੈ। ਉਨ੍ਹਾਂ ਨੂੰ 29 ਜਨਵਰੀ, 2014 ਨੂੰ ਡਾਕਟਰਾਂ ਨੇ ਕਲੀਨੀਕਲ ਮ੍ਰਿਤਕ ਐਲਾਨ ਕੀਤਾ ਸੀ, ਜਦਕਿ ਸੰਸਥਾਨ ਦਾ ਦਾਅਵਾ ਹੈ ਕਿ ਆਸ਼ੂਤੋਸ਼ ਮਹਾਰਾਜ ਸਮਾਧੀ 'ਚ ਹਨ।