ਬਰਨਾਲਾ- ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਸਜ਼ਾ ਹੋਣ ਤੋਂ ਬਾਅਦ ਰੋਸ ਵਿੱਚ ਆਏ ਡੇਰਾ ਪ੍ਰੇਮੀਆਂ ਵੱਲੋਂ ਕਸਬਾ ਹੰਡਿਆਇਆ ਦੇ ਸੇਵਾ ਕੇਂਦਰ ਅਤੇ ਸੋਹਲ ਪੱਤੀ ਦੇ ਟਾਵਰ ਨੂੰ ਅੱਗ ਲਾਉਣ ਵਾਲੇ ਤਿੰਨ ਡੇਰਾ ਪ੍ਰੇਮੀਆਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਹੈ। ਪੁਲਸ ਚੌਕੀ ਹੰਡਿਆਇਆ ਦੇ ਮੁਖੀ ਜਸਬੀਰ ਸਿੰਘ ਚਹਿਲ ਨੇ ਦੱਸਿਆ ਕਿ 24 ਅਗਸਤ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਬਲਾਤਕਾਰ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਜੋ ਡੇਰਾ ਪ੍ਰੇਮੀਆਂ ਨੇ ਹੰਡਿਆਇਆ ਦੇ ਸੇਵਾ ਕੇਂਦਰ ਨੂੰ ਅੱਗ ਲਾਉਣ ਦੀ ਯੋਜਨਾ ਬਣਾਈ ਅਤੇ ਸੋਹਲ ਪੱਤੀ ਵਿਖੇ ਟਾਵਰ ਨੂੰ ਅੱਗ ਲਾਈ ਸੀ। ਉਨ੍ਹਾਂ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੀ ਪਛਾਣ ਜਸਬੀਰ ਸਿੰਘ ਤੇ ਗੁਰਸੇਵਕ ਸਿੰਘ ਪੁੱਤਰ ਸਰਦਾਰਾ ਸਿੰਘ, ਗੁਰਸੇਵਕ ਸਿੰਘ ਪੁੱਤਰ ਜਗਰਾਜ ਸਿੰਘ ਵਾਸੀਆਨ ਜੋਧਪੁਰ (ਬਰਨਾਲਾ) ਵਜੋਂ ਹੋਈ ਹੈ।