ਚੰਡੀਗੜ੍ਹ: ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਤੇ ਦੋ ਸਾਧਵੀਆਂ ਦਾ ਜਿਣਸੀ ਸੋਸ਼ਣ ਕਰਨ ਦੇ ਮਾਮਲਿਆਂ ‘ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਪੈਰੋਲ ਦੀ ਮੰਗ ਕੀਤੀ ਹੈ। ਦਿਲਚਸਪ ਗੱਲ ਹੈ ਕਿ ਇਹ ਛੁੱਟੀ ਖੇਤੀਬਾੜੀ ਦੇ ਕੰਮਾਂ ਲਈ ਮੰਗੀ ਗਈ ਹੈ। ਇਸ ਮੁੱਦੇ ‘ਤੇ ਜੇਲ੍ਹ ਪ੍ਰਸਾਸ਼ਨ ਨੇ ਸਿਰਸਾ ਪ੍ਰਸਾਸ਼ਨ ਨੂੰ ਚਿੱਠੀ ਲਿਖੀ ਹੈ ਜਿਸ ‘ਚ ਦੱਸਿਆ ਹੈ ਕਿ ਰਾਮ ਰਹੀਮ ਖੇਤੀ ਦੇ ਕੰਮਾਂ ਲਈ ਪੈਰੋਲ ਚਾਹੁੰਦਾ ਹੈ।


ਡੇਰਾ ਮੁਖੀ ਸੀਬੀਆਈ ਕੋਰਟ ਵੱਲੋਂ ਸਜ਼ਾਯਾਫਤਾ ਹੈ। ਕੈਦੀ ਆਪਣੀ ਸਜ਼ਾ ਦਾ ਇੱਕ ਸਾਲ ਪੂਰਾ ਕਰ ਚੁੱਕਿਆ ਹੈ। ਉਸ ਨੇ ਆਪਣੀ ਹਿਸਟਰੀ ਟਿਕਟ ਵੀ ਹਾਸਲ ਕਰ ਲਈ ਹੈ। ਪੈਰੋਲ ਬਾਰੇ ਮੰਗੀ ਗਈ ਸਿਫਾਰਸ਼ ‘ਚ ਰਾਮ ਰਹੀਮ ‘ਤੇ ਸੀਬੀਆਈ ਵੱਲੋਂ ਪੱਤਰਕਾਰ ਕਤਲ ਮਾਮਲੇ ‘ਚ ਦੋਸ਼ੀ ਹੋਣ ਤੋਂ ਇਲਾਵਾ ਦੋ ਹੋ ਮਾਮਲਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਇਸ ਤੋਂ ਬਾਅਦ ਸਿਰਸਾ ਪ੍ਰਸਾਸ਼ਨ ਦੀ ਰਿਪੋਰਟ ਤੋਂ ਬਾਅਦ ਰੋਹਤਕ ਜੇਲ੍ਹ ਰਾਮ ਰਹੀਮ ਨੂੰ ਪੈਰੋਲ ਦੇਣ ‘ਤੇ ਫੈਸਲਾ ਕਰੇਗੀ। ਉਂਝ ਸੂਤਰਾਂ ਦੀ ਮੰਨੀਏ ਤਾਂ ਰਾਮ ਰਹੀਮ ਨੂੰ ਪੈਰੋਲ ਦੇਣ ਦੀ ਸਿਫਾਰਸ਼ ਨਹੀਂ ਕੀਤੀ ਜਾਵੇਗੀ। ਇਸ ਲਈ ਕਾਨੂੰਨੀ ਵਿਵਸਥਾ ਦਾ ਹਵਾਲਾ ਦਿੱਤਾ ਜਾਵੇਗਾ। ਗੁਰਮੀਤ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਿਰਸਾ ‘ਚ ਕਾਨੂੰਨ ਵਿਵਸਥਾ ਕਾਇਮ ਰੱਖਣਾ ਮੁਸ਼ਕਲ ਹੋ ਸਕਦਾ ਹੈ।