ਲੁਧਿਆਣਾ 'ਚ ਵਿਗੜੇ ਹਾਲਾਤ, ਇੱਕੋ ਦਿਨ 120 ਕੋਰੋਨਾ ਕੇਸ, ਮਰੀਜ਼ਾਂ ਗਿਣਤੀ 2100 ਤੋਂ ਟੱਪੀ
ਏਬੀਪੀ ਸਾਂਝਾ | 24 Jul 2020 11:04 AM (IST)
ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਸਿੰਗਲ-ਡੇਅ ਸਪਾਈਕ 120 ਟੈਸਟਿੰਗ ਪੌਜ਼ੇਟਿਵ ਰਹੀ।
ਲੁਧਿਆਣਾ: ਜ਼ਿਲ੍ਹਾ ਲੁਧਿਆਣਾ ’ਚ ਕੋਰੋਨਾ ਦੇ ਰਿਕਾਰਡ 120 ਕੇਸ ਸਾਹਮਣੇ ਆਉਣ ਮਗਰੋਂ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਇਸ ਵੇਲੇ ਸ਼ਹਿਰ ’ਚ ਮਰੀਜ਼ਾਂ ਦੀ ਕੁੱਲ ਗਿਣਤੀ 2,170 ਤੋਂ ਪਾਰ ਹੋ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ’ਚ 697 ਮਰੀਜ਼ ਜ਼ੇਰੇ ਇਲਾਜ ਵੀ ਹਨ। ਸ਼ਹਿਰ ’ਚ ਮੌਤਾਂ ਦੀ ਗਿਣਤੀ ਵੀ 50 ਹੋ ਗਈ ਹੈ। ਡੀਸੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ’ਚ ਕੋਰੋਨਾ ਟੈਸਟ ਲਈ ਹੁਣ ਤੱਕ ਕੁੱਲ 54,113 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 53,074 ਦੀ ਰਿਪੋਰਟ ਮਿਲੀ ਹੈ। ਇਨ੍ਹਾਂ ਵਿੱਚੋਂ 50,559 ਦੇ ਨਤੀਜੇ ਨੈਗੇਟਿਵ ਆਏ ਹਨ, ਜਦਕਿ 1,039 ਨਮੂਨਿਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 2,170 ਮਾਮਲੇ ਪੌਜ਼ੇਟਿਵ ਪਾਏ ਗਏ ਹਨ, ਜਦਕਿ 345 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ। ਡੀਸੀ ਮੁਤਾਬਕ ਹੁਣ ਤੱਕ 18,893 ਵਿਅਕਤੀਆਂ ਨੂੰ ਘਰਾਂ ’ਚ ਇਕਾਂਤਵਾਸ ਕੀਤਾ ਗਿਆ। ਅੱਜ 842 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਸ਼ਿਮਲਾਪੁਰੀ ਦਾ 47 ਸਾਲਾ ਸੀਨੀਅਰ ਕਾਂਸਟੇਬਲ, ਦੁਰਗਾਪੁਰੀ ਤੋਂ 54 ਸਾਲਾ ਏਐਸਆਈ, ਹੈਬੋਵਾਲ ਕਲਾਂ ਤੋਂ ਸੀਆਈਏ-1 ਵਿੱਚ ਤਾਇਨਾਤ ਇੱਕ ਏਐਸਆਈ, ਟਿੱਬਾ ਥਾਣੇ ਦਾ ਇੱਕ ਏਐਸਆਈ ਤੇ ਪੁਲਿਸ ਲਾਈਨਜ਼ ਦਾ ਇੱਕ ਹੈਡ ਕਾਂਸਟੇਬਲ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਦੱਸ ਦਈਏ ਕਿ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੇ ਜ਼ਿਲ੍ਹੇ ਦੇ ਹੋਰਨਾਂ ਹਿੱਸਿਆਂ ਵਿੱਚ ਰਿਪੋਰਟ ਪੌਜ਼ੇਟਿਵ ਆਈ। ਇਸ ਦੇ ਨਾਲ ਹੀ ਈਸਾ ਨਗਰੀ ਦਾ ਹੈਲਥਕੇਅਰ ਵਰਕਰ ਤੇ ਹੈਬੋਵਾਲ ਦੇ ਨਿਊ ਵਿਜੇ ਨਗਰ ਦਾ ਫਰੰਟਲਾਈਨ ਵਰਕਰ ਵੀ ਸੰਕਰਮਿਤ ਪਾਇਆ ਗਿਆ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904