ਚੰਡੀਗੜ੍ਹ: ਪੰਜਾਬ ਕੇਂਦਰੀ ਕੈਬਨਿਟ ਕਮੇਟੀ ਨੇ ਗ੍ਰਹਿ ਮੰਤਰਾਲੇ ਦਾ ਪ੍ਰਸਤਾਵ ਪਾਸ ਕਰ ਦਿੱਤਾ ਹੈ ਜਿਸ ਦੇ ਤਹਿਤ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਦਾ ਕਾਰਜਕਾਲ 30 ਸਤੰਬਰ, 2019 ਤਕ ਵਧਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਆਹਲਾ ਅਧਿਕਾਰੀ ਡੀਜੀਪੀ ਦੇ ਅਹੁਦੇ ’ਤੇ ਆਪੋ-ਆਪਣਾ ਦਾਅਵਾ ਕਰ ਰਹੇ ਸੀ ਪਰ ਅਰੋੜਾ ਦੇ ਸੇਵਾਕਾਲ ਵਧਣ ਨਾਲ ਸਭ ਹੈਰਾਨ ਰਹਿ ਗਏ ਹਨ।
ਦੱਸਿਆ ਜਾਂਦਾ ਹੈ ਕਿ ਸਿਆਸੀ ਪਾਰਟੀਆਂ ਡੀਜੀਪੀ ਦੇ ਨਿਯੁਕਤੀ ਵਿੱਚ ਦਖ਼ਲ ਦੇਣ ਦੀ ਕੋਸ਼ਿਸ ਕਰ ਰਹੀਆਂ ਸਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੌਜੂਦਾ ਡੀਜੀਪੀ ਨੂੰ ਹੀ ਫਿਲਹਾਲ ਅਹੁਦੇ ’ਤੇ ਬਣਾਈ ਰੱਖਣ ਦਾ ਫੈਸਲਾ ਲਿਆ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਅਫ਼ਸਰ ਕੇ ਪੀ ਐਸ ਗਿੱਲ ਦਾ ਕਾਰਜਕਾਲ ਵਧਾਇਆ ਗਿਆ ਸੀ। ਉਨ੍ਹਾਂ ਤੋਂ ਬਾਅਦ ਸੁਰੇਸ਼ ਅਰੋੜਾ ਪਹਿਲੇ ਅਫ਼ਸਰ ਹਨ, ਜਿਨ੍ਹਾਂ ਦਾ ਕਾਰਜਕਾਲ ਵਧਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਸੁਰੇਸ਼ ਅਰੋੜਾ ਨੇ 30 ਸਤੰਬਰ, 2018 ਨੂੰ ਸੇਵਾਮੁਕਤ ਹੋਣਾ ਸੀ ਪਰ ਪੰਜਾਬ ਸਰਕਾਰ ਦੇ ਬੇਨਤੀ ’ਤੇ ਕੇਂਦਰ ਨੇ ਉਨ੍ਹਾਂ ਦਾ ਕਾਰਜਕਾਲ 31 ਦਸੰਬਰ, 2018 ਤਕ ਵਧਾ ਦਿੱਤਾ ਸੀ। ਇਸ ਤੋਂ ਬਾਅਦ ਡੀਜੀਪੀਜ਼ ਦੀਆਂ ਤਾਇਨਾਤੀਆਂ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਹੋਣ ਕਾਰਨ ਅਦਾਲਤ ਨੇ ਅਰੋੜਾ ਨੂੰ 31 ਜਨਵਰੀ ਤੱਕ ਡੀਜੀਪੀ ਬਣਾਏ ਰੱਖਣ ਦਾ ਨਿਰਦੇਸ਼ ਜਾਰੀ ਕੀਤਾ। ਹੁਣ ਫਿਰ ਉਨ੍ਹਾਂ ਦਾ ਕਾਰਜਕਾਲ 30 ਸਤੰਬਰ, 2019 ਕਰ ਵਧਾ ਦਿੱਤਾ ਗਿਆ ਹੈ।