ਚੰਡੀਗੜ੍ਹ: 16 ਸਤੰਬਰ ਨੂੰ ਵਿਦੇਸ਼ਾਂ ਦੀ ਧਰਤੀ 'ਤੇ ਪਰਦਾਪੇਸ਼ ਹੋਈ ਫ਼ਿਲਮ 'ਧਰਮ ਯੁੱਧ ਮੋਰਚਾ' ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਖ਼ਾਸ ਤੌਰ 'ਤੇ
ਸਿੱਖ ਭਾਈਚਾਰੇ 'ਚ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਤੇ ਫ਼ਿਲਮ ਦੀ ਕਾਫੀ ਸ਼ਲਾਘਾ ਹੋ ਰਹੀ ਹੈ। ਸਿੱਖ ਨੌਜਵਾਨ ਵੱਡੇ ਪੱਧਰ 'ਤੇ ਸਿਨੇਮਾ ਘਰਾਂ
'ਚ ਫ਼ਿਲਮ ਦੇਖਣ ਪਹੁੰਚ ਰਹੇ ਹਨ।ਫ਼ਿਲਮ 'ਚ ਮੁੱਖ ਕਿਰਦਾਰ ਵਜੋਂ ਭੂਮਿਕਾ ਮਸ਼ਹੂਰ ਅਦਾਕਾਰ, ਗਾਇਕ ਤੇ ਗੀਤਕਾਰ ਰਾਜ ਕਾਕੜਾ ਨੇ ਨਿਭਾਈ ਹੈ। ਫ਼ਿਲਮ
ਦੇ ਨਿਰਮਾਤਾ ਕਰਮਜੀਤ ਸਿੰਘ ਬਾਠ ਹਨ,ਜੋ ਕੈਨੇਡਾ ਦੇ ਵੈਨਕੂਵਰ 'ਚ ਰਹਿੰਦੇ ਹਨ।
ਦੱਸਣਯੋਗ ਹੈ ਕਿ ਭਾਰਤੀ ਫ਼ਿਲਮ ਸੈਂਸਰ ਬੋਰਡ ਨੇ ਫ਼ਿਲਮ 'ਧਰਮ ਯੁੱਧ ਮੋਰਚਾ' ਦੇ ਭਾਰਤ 'ਚ ਰਲੀਜ਼ ਹੋਣ 'ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਫ਼ਿਲਮ ਪੰਜਾਬ ਸੂਬਾ ਮੋਰਚੇ ਦੇ ਸੰਘਰਸ਼ ਤੋਂ ਲੈ ਕੈ ਧਰਮ ਯੁੱਧ ਮੋਰਚਾ ਤੇ ਖਾੜਕੂਵਾਦ ਦੇ ਦਿਨਾਂ ਦਾ ਇਕ ਦਸਤਾਵੇਜ਼ ਹੈ।
ਫ਼ਿਲਮ ਦੇ ਨਿਰਮਾਤਾ ਕਰਮਜੀਤ ਸਿੰਘ ਬਾਠ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਫ਼ਿਲਮ ਪੈਸੇ ਕਮਾਉਣ ਲਈ ਨਹੀਂ ਬਲਕਿ ਆਪਣੇ ਮਹਾਨ ਸਿੱਖ ਇਤਿਹਾਸ ਤੇ ਵਿਰਸੇ ਨੂੰ ਸੰਭਾਲਣ ਲਈ ਬਣਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿੱਖ ਸੰਗਤ ਦੇ ਵੱਡੇ ਪੱਧਰ 'ਤੇ ਹਾਂ-ਪੱਖੀ ਸੁਨੇਹੇ ਮਿਲ ਰਹੇ ਹਨ ਜੋ ਕਿ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਬਾਠ ਨੇ ਕਿਹਾ ਕਿ ਫ਼ਿਲਮ ਨੂੰ ਮਿਲੇ ਹੁੰਗਾਰੇ ਤੋਂ ਬਾਅਦ ਉਹ ਪੰਥ ਦੀ ਸੇਵਾ ਹੋਰ ਫ਼ਿਲਮਾਂ ਬਣਾਉਣ ਬਾਰੇ ਵੀ ਸੋਚ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਭਾਰਤ 'ਚ ਫ਼ਿਲਮ 'ਤੇ ਪਾਬੰਦੀ ਲਗਾ ਕੇ ਬੱਜਰ ਗਲਤੀ ਕੀਤੀ ਹੈ।
ਪੰਥਕ ਸਖ਼ਸ਼ੀਅਤਾਂ ਸਿਮਰਨਜੀਤ ਸਿੰਘ ਮਾਨ ਤੇ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਸਿੱਖ ਨੌਜਵਾਨਾਂ ਨੂੰ ਫ਼ਿਲਮ ਦੇਖਣ ਦੀ ਅਪੀਲ ਕੀਤੀ ਹੈ। ਮਾਨ ਨੇ ਕਿਹਾ ਕਿ ਜੇ ਨਵੀਂ ਪੀੜ੍ਹੀ ਨੇ ਇਤਿਹਾਸ ਬਾਰੇ ਜਾਨਣਾ ਹੈ ਤਾਂ ਉਹ 'ਧਰਮ ਯੁੱਧ ਮੋਰਚਾ ਫ਼ਿਲਮ ਜ਼ਰੂਰ ਦੇਖੇ। ਮੰਡ ਨੇ ਕਿਹਾ ਕਿ ਮਾਪਿਆਂ ਦੀ ਵੀ ਜ਼ਿੰਮੇਂਵਾਰੀ ਬਣਦੀ ਹੈ ਕਿ ਬੱਚਿਆਂ ਤੋਂ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਨੂੰ ਧਰਮ ਯੁੱਧ ਮੋਰਚਾ ਫ਼ਿਲਮ ਦਿਖਾਉਣ।