ਚੰਡੀਗੜ੍ਹ: ਪੰਜਾਬ ਜਮਹੂਰੀ ਗੱਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਪਟਿਆਲਾ ਤੋਂ ਚੋਣ ਹਾਰ ਗਏ ਹਨ। ਕਾਂਗਰਸੀ ਉਮੀਦਵਾਰ ਪਰਨੀਤ ਕੌਰ ਇਸ ਹਲਕੇ ਤੋਂ ਵੱਡੀ ਲੀਡ ਨਾਲ ਜਿੱਤੇ ਹਨ। ਡਾ. ਗਾਂਧੀ ਤੀਜੇ ਨੰਬਰ 'ਤੇ ਰਹੇ ਹਨ। ਡਾ. ਗਾਂਧੀ ਨੇ ਕਿਹਾ ਹੈ ਕਿ ਉਹ ਚੋਣ ਕਮਿਸ਼ਨ ਤੇ ਪ੍ਰਨੀਤ ਕੌਰ ਖ਼ਿਲਾਫ਼ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਉਨ੍ਹਾਂ ਨੇ ਬੀਜੇਪੀ ਦੀ ਜਿੱਤ ਦਾ ਕਾਰਨ ਵੀ ਮਸ਼ੀਨਾਂ ਨਾਲ ਗੜਬੜੀ ਨੂੰ ਦੱਸਿਆ।
ਡਾ. ਗਾਂਧੀ ਨੇ ਕਿਹਾ ਹੈ ਕਿ ਚੋਣਾਂ ਤੋਂ ਦੋ ਦਿਨ ਪਹਿਲਾਂ ਸਮਾਣਾ ਨੇੜਲੇ ਸ਼ੈਲਰ ਵਿੱਚ ਪ੍ਰਨੀਤ ਕੌਰ ਨੂੰ ਜਿਤਾਉਣ ਲਈ ਲੋਕਾਂ ਨੂੰ ਵਰਤਾਉਣ ਵਾਸਤੇ ਰੱਖੀ ਗਈ ਸ਼ਰਾਬ ਪੁਲਿਸ ਨੂੰ ਫੜਾਈ ਸੀ। ਇਸ ਬਾਬਤ ਪ੍ਰਨੀਤ ਕੌਰ ਖ਼ਿਲਾਫ਼ ਚੋਣ ਕਮਿਸ਼ਨ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਕਰਕੇ ਉਹ ਚੋਣ ਕਮਿਸ਼ਨ ਪੰਜਾਬ ਤੇ ਪ੍ਰਨੀਤ ਕੌਰ ਵਿਰੁੱਧ ਹਾਈਕੋਰਟ ਜਾਣਗੇ।
ਡਾ. ਗਾਂਧੀ ਨੂੰ ਸ਼ੱਕ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਜਿੱਤ ਈਵੀਐਮ ਵਿੱਚ ਵੱਡੇ ਪੱਧਰ ’ਤੇ ਕੀਤੀ ਗਈ ਗੜਬੜੀ ਕਰਕੇ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹੋ ਹੀ ਨਹੀਂ ਸਕਦਾ ਸੀ ਕਿ ਭਾਜਪਾ ਦਾ ਭਾਰਤ ਵਿੱਚ ਇੰਨਾ ਵਿਰੋਧ ਹੋਵੇ ਤੇ ਉਹ ਐਨੇ ਵੱਡੇ ਪੱਧਰ ’ਤੇ ਜਿੱਤ ਜਾਵੇ।
ਡਾ. ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਪੱਛੜਿਆ ਵਰਗ, ਦਲਿਤ ਤੇ ਮੁਸਲਮਾਨ ਨਰਿੰਦਰ ਮੋਦੀ ਖ਼ਿਲਾਫ਼ ਸਨ। ਇਸ ਤੋਂ ਇਲਾਵਾ ਨੋਟਬੰਦੀ, ਜੀਐਸਟੀ ਤੋਂ ਲੈ ਕੇ ਪਿਛਲੀਆਂ ਚੋਣਾਂ ਵਿੱਚ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਕਰਕੇ ਵੀ ਲੋਕ ਮੋਦੀ ਸਰਕਾਰ ਤੋਂ ਨਾਰਾਜ਼ ਸਨ ਪਰ ਫਿਰ ਵੀ ਭਾਜਪਾ ਦੀ ਭਾਰਤ ਵਿੱਚ ਵੱਡੀ ਜਿੱਤ ਹੋਈ ਹੈ।
ਡਾ. ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਭਾਜਪਾ ਦੇ ਹੋਰ ਆਗੂਆਂ ਵਿਰੁੱਧ ਚੋਣ ਕਮਿਸ਼ਨ ਕੋਲ ਬਹੁਤ ਸ਼ਿਕਾਇਤਾਂ ਪੁੱਜੀਆਂ ਪਰ ਉਨ੍ਹਾਂ ਸ਼ਿਕਾਇਤਾਂ ’ਤੇ ਚੋਣ ਕਮਿਸ਼ਨ ਨੇ ਕੋਈ ਕਾਰਵਾਈ ਨਹੀਂ ਕੀਤੀ।ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਰਤੀ ਮੁੱਖ ਚੋਣ ਕਮਿਸ਼ਨ ਅਤੇ ਨਰਿੰਦਰ ਮੋਦੀ ਵਿਚ ਕੋਈ ਗੰਢਤੁਪ ਹੈ।
ਪਰਨੀਤ ਕੌਰ ਖਿਲਾਫ ਹਾਈਕੋਰਟ ਜਾਣਗੇ ਡਾ. ਗਾਂਧੀ
ਏਬੀਪੀ ਸਾਂਝਾ Updated at: 24 May 2019 06:21 PM (IST)