ਧਰਮਿੰਦਰ ਵੱਲੋਂ ਸੰਨੀ ਦਿਓਲ ਨੂੰ ਭਗਵੰਤ ਮਾਨ ਤੋਂ ਕੁਝ ਸਿੱਖਣ ਦੀ ਸਲਾਹ
ਏਬੀਪੀ ਸਾਂਝਾ | 04 Jul 2019 02:07 PM (IST)
ਧਰਮਿੰਦਰ ਨੇ ਕਿਹਾ, "ਸੰਨੀ, ਮੇਰੇ ਪੁੱਤਰ ਕੁਝ ਸਿੱਖਣ ਦੀ ਕੋਸ਼ਿਸ਼ ਕਰੋ, ਜਿਵੇਂ ਕਿ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਤੋਂ। ਕਿਹੋ ਜਿਹਾ ਬਲੀਦਾਨ ਦਿੱਤਾ ਹੈ, ਭਾਰਤ ਮਾਂ ਦੀ ਸੇਵਾ ਲਈ ???????? ਜਿਊਂਦਾ ਰਹਿ ਮਾਨ, ਬਹੁਤ-ਬਹੁਤ ਮਾਣ ਹੈ ਮੈਨੂੰ ਤੁਹਾਡੇ 'ਤੇ।"
ਮੁੰਬਈ: ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਨੇ ਆਪਣੇ ਤਾਜ਼ੇ ਤਾਜ਼ੇ ਸਿਆਸਤਦਾਨ ਬਣੇ ਐਕਸ਼ਨ ਹੀਰੋ ਸੰਨੀ ਦਿਓਲ ਨੂੰ ਆਪਣੇ ਨਵੇਂ ਖੇਤਰ ਵਿੱਚ ਸਿੱਖਣ ਦੀ ਨਸੀਹਤ ਦਿੱਤੀ ਹੈ। ਧਰਮਿੰਦਰ ਨੇ ਸੰਨੀ ਨੂੰ ਭਗਵੰਤ ਮਾਨ ਦੀ ਮਿਸਾਲ ਵੀ ਦਿੱਤੀ, ਪਰ ਇਸ ਟਵੀਟ ਨਾਲ ਸਾਰਿਆਂ ਨੂੰ ਉਲਝਣ ਵਿੱਚ ਪਾ ਦਿੱਤਾ। ਧਰਮਿੰਦਰ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਹੈ, ਜਦ ਸੰਨੀ ਦਿਓਲ ਵੱਲੋਂ ਆਪਣੇ ਸੰਸਦੀ ਹਲਕੇ ਵਿੱਚ ਕੰਮਕਾਰ ਦੇਖਣ ਲਈ ਆਪਣਾ ਨੁਮਾਇੰਦਾ ਉਤਾਰ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਸੰਨੀ ਨੇ ਉਸ ਨੂੰ ਆਪਣਾ ਸਹਾਇਕ ਦੱਸਿਆ ਸੀ। ਧਰਮਿੰਦਰ ਨੇ ਟਵਿੱਟਰ ਇੱਕ ਯੂਜ਼ਰ ਵੱਲੋਂ ਸੰਨੀ ਦਿਓਲ ਦੀ ਮੁੰਬਈ ਏਅਰਪੋਰਟ ਦੀ ਤਸਵੀਰ ਨੂੰ ਸਾਂਝਾ ਕਰਦਿਆਂ ਇਹ ਅਜੀਬ ਜਿਹਾ ਜਵਾਬ ਦਿੱਤਾ। ਧਰਮਿੰਦਰ ਨੇ ਕਿਹਾ, "ਸੰਨੀ, ਮੇਰੇ ਪੁੱਤਰ ਕੁਝ ਸਿੱਖਣ ਦੀ ਕੋਸ਼ਿਸ਼ ਕਰੋ, ਜਿਵੇਂ ਕਿ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਤੋਂ। ਕਿਹੋ ਜਿਹਾ ਬਲੀਦਾਨ ਦਿੱਤਾ ਹੈ, ਭਾਰਤ ਮਾਂ ਦੀ ਸੇਵਾ ਲਈ ???????? ਜਿਊਂਦਾ ਰਹਿ ਮਾਨ, ਬਹੁਤ-ਬਹੁਤ ਮਾਣ ਹੈ ਮੈਨੂੰ ਤੁਹਾਡੇ 'ਤੇ।" ਭਗਵੰਤ ਮਾਨ ਸੰਗਰੂਰ ਤੋਂ ਆਮ ਆਦਮੀ ਪਾਰਟੀ ਦਾ ਸੰਸਦ ਮੈਂਬਰ ਹੈ, ਜੋ ਪਹਿਲਾਂ ਕਲਾ ਦੇ ਖੇਤਰ ਵਿੱਚ ਸਰਗਰਮ ਸੀ ਅਤੇ ਫਿਰ ਸਿਆਸਤ ਵਿੱਚ ਆਇਆ ਹੈ। ਪਰ ਧਰਮਿੰਦਰ ਦੇ ਇਸ ਟਵੀਟ ਨਾਲ ਕਾਫੀ ਲੋਕ ਸੋਚੀਂ ਪੈ ਗਏ ਹਨ, ਕਿ ਆਖ਼ਰ ਹੁਣ ਉਨ੍ਹਾਂ ਅਜਿਹੀ ਗੱਲ ਕਿਉਂ ਕਹੀ। ਉੱਧਰ, ਧਰਮਿੰਦਰ ਦੇ ਇਸ ਟਵੀਟ ਨਾਲ ਸਿਆਸੀ ਗਲਿਆਰਿਆਂ ਵਿੱਚ ਵੀ ਘੁਸਰ ਮੁਸਰ ਸ਼ੁਰੂ ਹੋ ਗਈ ਹੈ ਕਿ ਆਖ਼ਰ ਉਨ੍ਹਾਂ ਨੂੰ ਮਿਸਾਲ ਦੇਣ ਲਈ ਭਾਜਪਾ ਦੀ ਕੱਟੜ ਵਿਰੋਧੀ 'ਆਪ' ਦਾ ਨੇਤਾ ਹੀ ਕਿਉਂ ਪਸੰਦ ਆਇਆ।