ਚੰਡੀਗੜ੍ਹ: ਸੁਲਤਾਨਪੁਰ ਲੋਧੀ ਵਿਖੇ ਪੰਜਾਬ ਸਰਕਾਰ ਤੇ ਐੱਸਜੀਪੀਸੀ ਵੱਲੋਂ ਸਾਂਝੀ ਸਟੇਜ ਲਗਾਉਣ ਬਾਰੇ ਕਾਂਗਰਸੀ ਲੀਡਰ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਜਵਾਬ ਦਿੰਦੇ ਹੋਏ ਅਕਾਲੀ ਲੀਡਰ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸਰਕਾਰ ਨੇ ਹੁਣ ਤੱਕ ਇੱਕ ਵਾਰ ਵੀ ਆਲ ਪਾਰਟੀ ਮੀਟਿੰਗ ਨਹੀਂ ਬੁਲਾਈ। ਢੀਂਡਸਾ ਨੇ ਬਾਜਵਾ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਸਾਰੀਆਂ ਪਾਰਟੀਆਂ ਦੀ ਇੱਕ ਬੈਠਕ ਬੁਲਾਈ ਜਾਂਦੀ, ਜਿਸ ਵਿੱਚ ਸਾਰੇ ਪ੍ਰਗਰਾਮ ਤੈਅ ਹੁੰਦੇ, ਪਰ ਬਾਕੀਆਂ ਵੀ ਦੀ ਰਾਏ ਲਈ ਜਾਂਦੀ।


ਢੀਂਡਸਾ ਨੇ ਫਿਰ ਤੋਂ ਕਾਂਗਰਸ 'ਤੇ ਵਾਰ ਕੀਤਾ ਕਿਹਾ ਕਾਂਗਰਸ ਇਸ 'ਤੇ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਅਕਾਲ ਤਖ਼ਤ ਨੇ ਹੁਕਮ ਜਾਰੀ ਕੀਤਾ ਹੈ, ਕਾਂਗਰਸ ਨੂੰ ਉਸ 'ਤੇ ਅਮਲ ਕਰਨਾ ਚਾਹੀਦਾ ਹੈ। ਲਾਂਘੇ 'ਤੇ ਲੱਗਣ ਵਾਲੀ ਫੀਸ 'ਤੇ ਬਾਜਵਾ ਨੂੰ ਜਵਾਬ ਦਿੰਦੇ ਹੋਏ ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਉਨ੍ਹਾਂ ਗਰੀਬਾਂ ਬਾਰੇ ਸੋਚਣਾ ਚਾਹੀਦਾ ਹੈ ਜੋ ਪਾਕਿਸਤਾਨ ਵੱਲੋਂ ਲਾਈ ਗਈ ਫੀਸ ਨਹੀਂ ਦੇ ਸਕਦੇ।


ਢੀਂਡਸਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਾਰੇ ਸ਼ਰਧਾਲੂਆਂ ਦਾ ਖਰਚਾ ਨਹੀਂ ਚੁੱਕ ਸਕਦੀ ਤਾਂ ਘੱਟੋ ਘੱਟ ਜੋ ਵਰਗ ਗਰੀਬ ਹੈ ਉਸ ਨੂੰ ਤਾਂ ਰਿਆਇਤ ਦੇ ਦੇਵੇ।