ਗਗਨਦੀਪ ਸ਼ਰਮਾ, ਅੰਮ੍ਰਿਤਸਰ  : ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਦੀ ਕੇਂਦਰੀ ਜੇਲ ਅੰਮ੍ਰਿਤਸਰ 'ਚ ਤਬੀਅਤ ਬੀਤੀ ਸ਼ਾਮ ਵੇਲੇ ਕੁਝ ਢਿੱਲੀ ਹੋਣ ਕਰਕੇ ਉਨਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਜਾਂਚ ਲਈ ਲਿਆਂਦਾ ਗਿਆ, ਜਿੱਥੇ ਡਾਕਟਰਾਂ ਦੀ ਟੀਮ ਉਨਾਂ ਦਾ ਚੈਕਅੱਪ ਕਰ ਰਹੀ ਹੈ ਤੇ ਲੋੜੀਂਦੇ ਟੈਸਟ ਕੀਤੇ ਜਾ ਰਹੇ ਹਨ, ਜਿਸ ਤੋਂ ਬਾਦ ਪਤਾ ਲੱਗੇਗਾ ਕਿ ਦਿਨੇਸ਼ ਬੱਸੀ ਨੂੰ ਕੀ ਸਮੱਸਿਆ ਹੈ ਤੇ ਉਨਾਂ ਨੂੰ ਹਸਪਤਾਲ ਰਹਿਣਾ ਪਵੇਗਾ ਜਾਂ ਜੇਲ ਵਾਪਸ ਭੇਜਿਆ ਜਾਵੇਗਾ। 


 

ਦਿਨੇਸ਼ ਬੱਸੀ, ਜੋ 6 ਜੁਲਾਈ ਨੂੰ ਵਿਜੀਲੈੰਸ ਬਿਊਰੋ ਵੱਲੋੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਗਏ ਸਨ, ਪਿਛਲੇ  45 ਦਿਨਾਂ ਤੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ 'ਚ ਨਜਰਬੰਦ ਹਨ। ਸ਼ਾਮ ਵੇਲੇ ਉਨਾਂ ਨੂੰ ਸੀਨੇ 'ਚ ਦਰਦ ਤੇ ਕੁਝ ਘੁਟਨ ਮਹਿਸੂਸ ਹੋਣ ਤੋਂ ਬਾਦ ਪਹਿਲਾਂ ਜੇਲ ਦੇ ਹਸਪਤਾਲ 'ਚ ਜਾਂਚ ਲਈ ਲਿਜਾਇਆ ਗਿਆ ਤੇ ਫਿਰ ਡਾਕਟਰਾਂ ਦੀ ਟੀਮ ਨੇ ਉਨਾਂ ਨੂੰ ਗੁਰੂ ਨਾਨਕ ਹਸਪਤਾਲ ਰੈਫਰ ਕਰ ਦਿੱਤਾ। 

 

ਅੰਮ੍ਰਿਤਸਰ ਜੇਲ ਦੇ ਸਹਾਇਕ ਜੇਲ ਸੁਪਰਡੈਂਟ ਸ਼ਿਆਮਲ ਜੋਤੀ ਨੇ ਦਿਨੇਸ਼ ਬੱਸੀ ਨੂੰ ਜਾਂਚ ਲਈ ਗੁਰੂ ਨਾਨਕ ਹਸਪਤਾਲ ਲਿਜਾਣ ਦੀ ਪੁਸ਼ਟੀ ਕੀਤੀ ਜਦਕਿ ਦੂਜੇ ਪਾਸੇ ਗੁਰੂ ਨਾਨਕ ਹਸਪਤਾਲ 'ਚ ਡਾਕਟਰ ਦਿਨੇਸ਼ ਬੱਸੀ ਦੀ ਜਾਂਚ ਲਗਾਤਾਰ ਕਰ ਰਹੇ ਹਨ ਪਰ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋੰ ਗੁਰੇਜ ਕਰ ਰਹੇ ਹਨ।

 


ਦੱਸ ਦੇਈਏ ਕਿ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਵਿਜੀਲੈਂਸ ਬਿਊਰੋ ਨੇ ਪਿਛਲੇ ਮਹੀਨੇ ਧੋਖਾਧੜੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਰਣਜੀਤ ਐਵੀਨਿਊ ਪਲਾਟ ਨੰਬਰ 204-ਡੀ ਵਿਚ ਨਿੱਜੀ ਹਿੱਤਾਂ ਕਾਰਨ ਹੋਰ ਫਰਜ਼ੀ ਅਲਾਟਮੈਂਟ ਕਰਨ ਲਈ ਐਫਆਈਆਰ ਦਰਜ ਕੀਤੀ ਗਈ , ਜਿਸ ਵਿਚ ਬੱਸੀ ਤੋਂ ਇਲਾਵਾ ਉਨ੍ਹਾਂ ਦੇ ਕਰੀਬੀ ਰਾਘਵ ਸ਼ਰਮਾ ਅਤੇ ਵਕੀਲ ਵਿਕਾਸ ਖੰਨਾ ਨੂੰ ਸ਼ਾਮਿਲ ਕੀਤਾ ਗਿਆ ਹੈ। 

 

ਦਿਨੇਸ਼ ਬੱਸੀ, ਉਸ ਦੇ ਨਜ਼ਦੀਕੀ ਰਾਘਵ ਸ਼ਰਮਾ ਅਤੇ ਵਿਕਾਸ ਖੰਨਾ ਨੇ ਮਿਲੀਭੁਗਤ ਨਾਲ ਪਲਾਂਟ ਸੁਰਜੀਤ ਕੌਰ ਪੁੱਤਰੀ ਸੋਹਣ ਸਿੰਘ ਨੂੰ ਅਲਾਟ ਕੀਤਾ ਅਤੇ ਧੋਖੇ ਨਾਲ 25-06-2021 ਨੂੰ ਆਪਣੇ ਵਕੀਲ ਵਿਕਾਸ ਖੰਨਾ ਰਾਹੀਂ 1410 ਪ੍ਰਤੀ ਵਰਗ ਗਜ਼ ਦੇ ਹਿਸਾਬ ਨਾਲ ਉਸ ਨੂੰ ਦੇ ਦਿੱਤਾ, ਜਦਕਿ ਉਸ ਦੀ ਕੀਮਤ ਮਾਰਕੀਟ 70,000 ਰੁਪਏ ਪ੍ਰਤੀ ਵਰਗ ਗਜ਼ ਸੀ। ਐੱਫਆਈਆਰ ਵਿੱਚ ਦੱਸਿਆ ਗਿਆ ਹੈ ਕਿ ਉਸ ਨੇ ਇਹ ਸਭ ਆਪਣੇ ਨਿੱਜੀ ਹਿੱਤ ਵਿਚ ਕੀਤਾ।