ਚੰਡੀਗੜ੍ਹ : ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੀ ਧਮਕੀ ਤੋਂ ਬਾਅਦ ਪੰਜਾਬ ਪੁਲਿਸ ਨੇ ਖਰੜ ਸਥਿਤ ਸੀਆਈਏ ਸਟਾਫ਼ ਦੇ ਦਫ਼ਤਰ ਦੀ ਸੁਰੱਖਿਆ ਵਧਾ ਦਿੱਤੀ ਹੈ। ਦਫਤਰ ਦੇ ਆਲੇ-ਦੁਆਲੇ ਕਮਾਂਡੋ ਤਾਇਨਾਤ ਕੀਤੇ ਗਏ ਹਨ ,ਕਿਉਂਕਿ ਇਸ ਦਫਤਰ 'ਚ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਜੱਗੂ ਭਗਵਾਨਪੁਰੀਆ ਨੂੰ ਰੱਖਿਆ ਹੋਇਆ ਹੈ।


ਦਰਅਸਲ 'ਚ ਬੰਬੀਹਾ ਗੈਂਗ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ ਅਤੇ ਪਿਛਲੇ ਦਿਨੀਂ ਬੰਬੀਹਾ ਗੈਂਗ ਵੱਲੋਂ ਬਿਸ਼ਨੋਈ ਦੇ ਕੁਝ ਗੁੰਡਿਆਂ 'ਤੇ ਹਮਲੇ ਵੀ ਕੀਤੇ ਜਾ ਚੁੱਕੇ ਹਨ। ਇਸ ਦੌਰਾਨ ਸ਼ੁੱਕਰਵਾਰ ਸਵੇਰੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਫਿਲੀਪੀਨਜ਼ ਦੇ ਮਨੀਲਾ ਵਿੱਚ ਬੰਬੀਹਾ ਗੈਂਗ ਨਾਲ ਸਬੰਧਤ ਗੈਂਗਸਟਰ ਮਨਦੀਪ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਜ਼ਿੰਮੇਵਾਰੀ ਲਈ ਹੈ।

ਇਸ ਘਟਨਾ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ। ਦੋਵਾਂ ਧੜਿਆਂ ਵਿਚਾਲੇ ਗੈਂਗ ਵਾਰ ਵਧਣ ਦੀ ਸੰਭਾਵਨਾ ਹੈ ਅਤੇ ਇਸੇ ਤਹਿਤ ਬੰਬੀਹਾ ਗੈਂਗ ਲਾਰੈਂਸ ਬਿਸ਼ਨੋਈ 'ਤੇ ਹਮਲਾ ਕਰ ਸਕਦਾ ਹੈ। ਹਾਲ ਹੀ ਵਿੱਚ ਪੁਲਿਸ ਨੂੰ ਇਹ ਵੀ ਖੁਫੀਆ ਸੂਚਨਾ ਮਿਲੀ ਸੀ ਕਿ ਬੰਬੀਹਾ ਗੈਂਗ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੂੰ ਅਦਾਲਤ ਵਿੱਚ ਪੇਸ਼ੀ ਭੁਗਤਾਉਣ ਸਮੇਂ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਮਨਦੀਪ ਦੇ ਕਤਲ ਤੋਂ ਬਾਅਦ ਅਜਿਹੇ ਹਮਲੇ ਦੀ ਸੰਭਾਵਨਾ ਹੋਰ ਵਧ ਗਈ ਹੈ।  

 

ਦੱਸ ਦੇਈਏ ਕਿ ਦਵਿੰਦਰ ਬੰਬੀਹਾ ਗੈਂਗ ਦੇ ਗੈਂਗਸਟਰ ਮਨਦੀਪ ਮਨਾਲੀ ਦੀ ਫਿਲੀਪੀਨਜ਼ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਹ ਫਿਲੀਪੀਨਜ਼ ਵਿੱਚ ਬੰਬੀਹਾ ਗੈਂਗ ਚਲਾ ਰਿਹਾ ਸੀ। ਇਸ ਕਤਲ ਤੋਂ ਬਾਅਦ ਗੈਂਗਸਟਰ ਲਾਰੈਂਸ-ਗੋਲਡੀ ਬਰਾੜ ਗੈਂਗ ਨੇ ਮਨਾਲੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਦੀ ਇੱਕ ਆਡੀਓ ਵਾਇਰਲ ਹੋਈ ਹੈ ,ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਕਤਲ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਦੇ ਇਸ਼ਾਰੇ 'ਤੇ ਕੀਤਾ ਗਿਆ ਹੈ। 

 

ਜਿਸ ਮਗਰੋਂ ਦਵਿੰਦਰ ਬੰਬੀਹਾ ਗੈਂਗ ਨੇ ਲਾਰੈਂਸ ਗੈਂਗ ਨੂੰ ਬਦਲਾ ਲੈਣ ਦੀ ਧਮਕੀ ਵੀ ਦਿੱਤੀ ਹੈ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਲਾਰੈਂਸ, ਗੋਲਡੀ ਬਰਾੜ ਤੇ ਗਾਇਕ ਮਨਕੀਰਤ ਔਲਖ ਨੂੰ ਨਿਸ਼ਾਨੇ 'ਤੇ ਰੱਖਿਆ ਹੈ। ਬੰਬੀਹਾ ਗੈਂਗ ਕਈ ਵਾਰ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਇਹ ਧਮਕੀਆਂ ਦੇ ਚੁੱਕਾ ਹੈ। ਇਸ ਦੇ ਨਾਲ ਹੀ ਬੰਬੀਹਾ ਗੈਂਗ ਨੇ ਮਨਦੀਪ ਮਨਾਲੀ ਦੇ ਕਤਲ ਦਾ ਬਦਲਾ ਲੈਣ ਦੀ ਧਮਕੀ ਵੀ ਦਿੱਤੀ ਹੈ।