ਬਰਨਾਲਾ: ਦੀਵਾਲੀ ਦਾ ਤਿਉਹਾਰ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਭਰ ‘ਚ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਪਰ ਪੰਜਾਬ ‘ਚ ਹਰ ਤਿਉਹਾਰ ਦੇ ਰੰਗ-ਚਾਅ ਵੱਖਰੇ ਹੀ ਹੁੰਦੇ ਹਨ। ਫਿਰ ਭਾਵੇਂ ਲੋਹੜੀ ਹੋਵੇ ਜਾਂ ਦੀਵਾਲੀ। ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਇਸ ਵਾਰ ਖਦਸ਼ਾ ਸੀ ਕਿ ਕੋਰੋਨਾ ਮਹਾਮਾਰੀ ਰੌਸ਼ਨੀਆਂ ਦੇ ਤਿਉਹਾਰ ‘ਤੇ ਭਾਰੀ ਪੈ ਸਕਦੀ ਹੈ। ਪਰ ਹੋਇਆ ਇਸ ਤੋਂ ਉਲਟ ਦੀਵਾਲੀ ਦੀ ਰੌਸ਼ਨੀ ਹੇਠ ਕੋਰੋਨਾ ਦੀ ਦਹਿਸ਼ਤ ਦੱਬ ਗਈ।
ਬਜਾਰਾਂ ‘ਚ ਕਈ ਦਿਨ ਪਹਿਲਾਂ ਹੀ ਰੌਣਕ ਲੱਗਣੀ ਸ਼ੁਰੂ ਹੋ ਗਈ ਸੀ ਜੋ ਦੀਵਾਲੀ ਦੇ ਦਿਨ ਤਕ ਬਰਕਰਾਰ ਰਹੀ। ਮਠਿਆਈ ਦੀਆਂ ਦੁਕਾਨਾਂ ਤੋਂ ਲੈਕੇ ਰੰਗ ਬਿਰੰਗੀਆਂ ਬਿਜਲਈ ਲੜੀਆਂ, ਸਾਜ ਸਜਾਵਟ ਦਾ ਸਮਾਨ ਤੇ ਮਿੱਟੀ ਦੇ ਵੰਨ-ਸੁਵੰਨੇ ਦੀਵਿਆਂ ਦੀ ਬਜਾਰਾਂ ‘ਚ ਭਰਮਾਰ ਰਹੀ। ਖਰੀਦਣ ਵਾਲੇ ਗਾਹਕਾਂ ਦੀ ਵੀ ਭੀੜ ਖੂਬ ਰਹੀ।
ਬਜਾਰਾਂ ‘ਚ ਲੱਗਣ ਵਾਲੀ ਭੀੜ ਤੋਂ ਇਸ ਗੱਲ ਦਾ ਅੰਦਾਜਾ ਹੋ ਗਿਆ ਕਿ ਲੋਕਾਂ ਦੇ ਮਨ ਤੋਂ ਕੋਰੋਨਾ ਦਾ ਖੌਫ ਖੰਭ ਲਾਕੇ ਉੱਡ ਗਿਆ ਹੈ। ਸੋਸ਼ਲ ਡਿਸਟੈਸਿੰਗ ਤਾਂ ਦੂਰ ਦੀ ਗੱਲ ਕਿਸੇ ਦੇ ਵੀ ਮਾਸਕ ਪਹਿਨਿਆਂ ਨਹੀਂ ਦੇਖਿਆ ਗਿਆ। ਇੰਝ ਲੱਗ ਰਿਹਾ ਸੀ ਜਿਵੇਂ ਉਹ ਦੀਵਾਲੀ ਦੇ ਚਾਅ ‘ਚ ਭੁੱਲ ਬੈਠੇ ਹੋਣ ਕਿ ਇਹ ਮਹਾਮਾਰੀ ਦਾ ਦੌਰ ਚੱਲ ਰਿਹਾ ਹੈ।