ਬਰਨਾਲਾ : ਅੱਜ ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅਜਿਹੇ 'ਚ ਬਰਨਾਲਾ ਦੇ ਬਾਜ਼ਾਰਾਂ 'ਚ ਚਹਿਲ -ਪਹਿਲ ਹੈ ਅਤੇ ਬਾਜ਼ਾਰਾਂ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ ਹੈ। ਦੀਵਾਲੀ ਮੌਕੇ ਬਰਨਾਲਾ ਦੇ ਬਾਜ਼ਾਰਾਂ ਵਿੱਚ ਪਟਾਕਿਆਂ ਦੀ ਖਰੀਦੋ-ਫਰੋਖਤ 'ਤੇ ਰੋਕ ਹੈ, ਜਦਕਿ ਇਸ ਦੇ ਲਈ ਬਰਨਾਲਾ ਪ੍ਰਸ਼ਾਸਨ ਨੇ ਵੱਖਰੀ ਪਟਾਕਾ ਮਾਰਕੀਟ ਬਣਾਈ ਹੈ।

ਪ੍ਰਸ਼ਾਸਨ ਨੇ ਬਰਨਾਲਾ ਸ਼ਹਿਰ ਦੇ ਦੁਕਾਨਦਾਰਾਂ ਨੂੰ ਪਟਾਕੇ ਵੇਚਣ ਲਈ ਸਿਰਫ਼ 20 ਲਾਇਸੈਂਸ ਦਿੱਤੇ ਹਨ ਅਤੇ ਸ਼ਹਿਰ ਦੇ ਦੁਸਹਿਰਾ ਗਰਾਊਂਡ ਵਿੱਚ ਪਟਾਕੇ ਵੇਚਣ ਲਈ ਦੁਕਾਨਾਂ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਇਸ ਪਟਾਕਾ ਮੰਡੀ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਨੂੰ ਵੀ ਫਾਇਰ ਵਿਭਾਗ ਵੱਲੋਂ ਤਾਇਨਾਤ ਕੀਤਾ ਗਿਆ ਹੈ।ਪਟਾਕਿਆਂ ਦੀ ਵਿਕਰੀ ਨੂੰ ਲੈ ਕੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਕਾਰਨ ਇਸ ਵਾਰ ਲੋਕ ਘੱਟ ਖਰੀਦ ਰਹੇ ਹਨ।


 ਇਹ ਵੀ ਪੜ੍ਹੋ : ਸੋਮਾਲੀਆ ਦੇ ਹੋਟਲ 'ਚ ਅੱਤਵਾਦੀ ਹਮਲਾ, 9 ਲੋਕਾਂ ਦੀ ਮੌਤ, 47 ਜ਼ਖਮੀ, 4 ਅੱਤਵਾਦੀ ਢੇਰ , ਅੱਤਵਾਦੀ ਸੰਗਠਨ ਅਲ-ਸ਼ਬਾਬ ਨੇ ਲਈ ਜ਼ਿੰਮੇਵਾਰੀ


ਇਸ ਮੌਕੇ ਗੱਲਬਾਤ ਦੌਰਾਨ ਦੁਕਾਨਦਾਰਾਂ ਨੇ ਪ੍ਰਸ਼ਾਸਨ ਦੇ ਇਸ ਵੱਖਰੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਜ਼ਾਰ ਵਿੱਚ ਪਟਾਕੇ ਵੇਚਣ ਸਮੇਂ ਅੱਗ ਲੱਗਣ ਕਾਰਨ ਵੱਡੀਆਂ ਘਟਨਾਵਾਂ ਵਾਪਰਦੀਆਂ ਹਨ। ਇਸੇ ਲਈ ਇਸ ਨੇ ਇਸ ਤਰ੍ਹਾਂ ਵੱਖਰਾ ਪਟਾਕਿਆਂ ਦੀ ਮਾਰਕੀਟ ਬਣਾ ਕੇ ਚੰਗਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੰਡੀ ਵਿੱਚ ਪ੍ਰਸ਼ਾਸਨ ਅਤੇ ਫਾਇਰ ਵਿਭਾਗ ਵੱਲੋਂ ਵੀ ਵਧੀਆ ਪ੍ਰਬੰਧ ਕੀਤੇ ਗਏ ਹਨ। ਜਿੱਥੇ ਇਸ ਥਾਂ 'ਤੇ ਫਾਇਰ ਬ੍ਰਿਗੇਡ, ਐਂਬੂਲੈਂਸ ਖੜ੍ਹੀਆਂ ਕੀਤੀਆਂ ਗਈਆਂ ਹਨ, ਉਥੇ ਦੁਕਾਨਾਂ 'ਤੇ ਵੀ ਫਾਇਰ ਸੇਫਟੀ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਟਾਕਿਆਂ ਦੀ ਵਿਕਰੀ ਪਹਿਲਾਂ ਨਾਲੋਂ ਬਹੁਤ ਘੱਟ ਹੈ। ਇਸ ਦਾ ਕਾਰਨ ਮਹਿੰਗਾਈ ਹੈ। ਲੋਕ ਪਹਿਲਾਂ ਵਾਂਗ ਪਟਾਕੇ ਖਰੀਦਣ ਨਹੀਂ ਆ ਰਹੇ।


ਇਸ ਮੌਕੇ ਫਾਇਰ ਵਿਭਾਗ ਦੇ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਪਟਾਕਿਆਂ ਦੀ ਵਿਕਰੀ ਲਈ ਇਹ ਦੁਕਾਨਾਂ ਸ਼ਹਿਰ ਦੇ ਬਾਹਰ ਸਥਾਪਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਲਈ ਬਕਾਇਦਾ ਲਾਇਸੈਂਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦੀਵਾਲੀ ਮੌਕੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਉਨ੍ਹਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਲਈ ਬਰਨਾਲਾ ਸ਼ਹਿਰ ਦੇ ਨਾਲ-ਨਾਲ ਧਨੌਲਾ, ਭਦੌੜ, ਤਪਾ ਮੰਡੀ ਅਤੇ ਮਹਿਲ ਕਲਾਂ ਵਿੱਚ ਫਾਇਰ ਵਿਭਾਗ ਦੇ ਕਰਮਚਾਰੀ ਅਤੇ ਗੱਡੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।