Terrorist Attack In Somalia : ਪੂਰੀ ਦੁਨੀਆ ਵਿੱਚ ਅੱਤਵਾਦੀ ਹਮਲਿਆਂ ਨੂੰ ਲੈ ਕੇ ਲੋਕ ਪ੍ਰੇਸ਼ਾਨ ਹਨ। ਅੱਤਵਾਦੀ ਹਮਲਿਆਂ ਦੀਆਂ ਖਬਰਾਂ ਕਾਰਨ ਲੋਕਾਂ ਵਿਚ ਚਿੰਤਾ ਵਧ ਰਹੀ ਹੈ। ਅਜਿਹੇ 'ਚ ਹੁਣ ਇਕ ਹੋਰ ਮਾਮਲਾ ਸੋਮਾਲੀਆ ਦੇ ਬੰਦਰਗਾਹ ਸ਼ਹਿਰ ਕਿਸਮਾਯੋ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਹੋਟਲ 'ਤੇ ਹੋਏ ਅੱਤਵਾਦੀ ਹਮਲੇ 'ਚ 9 ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ 47 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਅੱਤਵਾਦੀ ਸੰਗਠਨ ਅਲ-ਸ਼ਬਾਬ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।



ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੁਰੱਖਿਆ ਮੰਤਰੀ ਯੂਸਫ ਹੁਸੈਨ ਧੂਮਲ ਨੇ ਦੱਸਿਆ ਕਿ ਸੁਰੱਖਿਆ ਅਧਿਕਾਰੀਆਂ ਨੇ ਤਿੰਨ ਹਮਲਾਵਰਾਂ ਨੂੰ ਮਾਰ ਮੁਕਾਇਆ ਅਤੇ ਚੌਥੇ ਦੀ ਬੰਬ ਧਮਾਕੇ 'ਚ ਮੌਤ ਹੋ ਗਈ। ਇਸ ਧਮਾਕੇ 'ਚ ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਅਤੇ 47 ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ।

 ਸਰਕਾਰੀ ਮੀਟਿੰਗਾਂ ਲਈ ਕਾਫੀ ਮਸ਼ਹੂਰ ਹੈ ਹੋਟਲ 
 
ਇਹ ਹੋਟਲ ਸਰਕਾਰੀ ਅਧਿਕਾਰੀਆਂ ਦੀ ਬੈਠਕ ਦੇ ਤੌਰ 'ਤੇ ਕਾਫੀ ਮਸ਼ਹੂਰ ਹੈ। ਹਾਲਾਂਕਿ, ਪੁਲਿਸ ਅਧਿਕਾਰੀ ਅਬਦੁੱਲਾਹੀ ਇਸਮਾਈਲ ਦਾ ਕਹਿਣਾ ਹੈ ਕਿ ਇਹ ਸਰਕਾਰ 'ਤੇ ਨਿਸ਼ਾਨਾ ਨਹੀਂ ਸੀ। ਇਸ ਵਿੱਚ ਆਮ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਉਸ ਦਾ ਕਹਿਣਾ ਹੈ ਕਿ ਸੁਰੱਖਿਆ ਬਲ ਜਲਦੀ ਹੀ ਸਾਰੇ ਹਮਲਾਵਰਾਂ ਨੂੰ ਖਤਮ ਕਰ ਦੇਣਗੇ। ਅਲ-ਕਾਇਦਾ ਨਾਲ ਸਬੰਧ ਰੱਖਣ ਵਾਲਾ ਸੰਗਠਨ,  ਅਲ-ਸ਼ਬਾਬ ਲਗਾਤਾਰ ਸੋਮਾਲੀਆ ਵਿੱਚ ਹਮਲੇ ਕਰਦਾ ਹੈ।

ਕਈ ਹਮਲਿਆਂ ਨੂੰ ਅੰਜ਼ਾਮ ਦੇ ਚੁੱਕਾ 'ਅਲ-ਸ਼ਬਾਬ 

ਇਸ ਤੋਂ ਪਹਿਲਾਂ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਅਲ-ਸ਼ਬਾਬ ਦੇ ਅੱਤਵਾਦੀਆਂ ਨੇ ਹਯਾਤ ਹੋਟਲ 'ਤੇ ਹਮਲਾ ਕੀਤਾ ਸੀ। ਇਸ ਹਮਲੇ 'ਚ 40 ਲੋਕ ਮਾਰੇ ਗਏ ਸਨ ਅਤੇ 70 ਤੋਂ ਵੱਧ ਜ਼ਖਮੀ ਹੋ ਗਏ ਸਨ। ਅਲ ਸ਼ਬਾਬ ਨੇ ਪਿਛਲੇ ਦਿਨੀਂ ਮੋਗਾਦਿਸ਼ੂ ਸ਼ਹਿਰ ਵਿੱਚ ਕਈ ਭਿਆਨਕ ਧਮਾਕੇ ਕੀਤੇ ਹਨ। ਅੱਤਵਾਦੀ ਸੰਗਠਨ ਅਲ-ਸ਼ਬਾਬ ਦੀ ਸਥਾਪਨਾ 2006 'ਚ ਹੋਈ ਸੀ।

ਅਲ-ਸ਼ਬਾਬ ਅੱਤਵਾਦੀ ਸਮੂਹ ਅਲ-ਕਾਇਦਾ ਨਾਲ ਜੁੜਿਆ ਹੋਇਆ ਹੈ, ਜੋ ਸੋਮਾਲੀਆ ਦੀ ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਕਰ ਰਿਹਾ ਹੈ। ਇਹ ਅਜੇ ਵੀ ਦੇਸ਼ ਦੇ ਦੱਖਣੀ ਅਤੇ ਕੇਂਦਰੀ ਹਿੱਸਿਆਂ ਵਿੱਚ ਵੱਡੇ ਖੇਤਰਾਂ ਨੂੰ ਕੰਟਰੋਲ ਕਰ ਰਿਹਾ ਹੈ। 14 ਅਗਸਤ ਨੂੰ ਸੋਮਾਲੀਆ ਵਿੱਚ ਇੱਕ ਤਾਜ਼ਾ ਅਮਰੀਕੀ ਹਵਾਈ ਹਮਲੇ ਵਿੱਚ ਅਲ-ਸ਼ਬਾਬ ਦੇ 13 ਅੱਤਵਾਦੀ ਮਾਰੇ ਗਏ ਸਨ।

ਭਾਰਤ ਨੇ ਕੀਤੀ ਹਮਲੇ ਦੀ ਨਿੰਦਾ 

ਭਾਰਤ ਨੇ ਮੋਗਾਦਿਸ਼ੂ ਦੇ ਹਯਾਤ ਹੋਟਲ 'ਤੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਦਿਲੀ ਹਮਦਰਦੀ ਵੀ ਪ੍ਰਗਟਾਈ ਅਤੇ ਭਰੋਸਾ ਦਿਵਾਇਆ ਕਿ ਭਾਰਤ ਅੱਤਵਾਦ ਵਿਰੁੱਧ ਲੜਾਈ ਵਿੱਚ ਸੋਮਾਲੀਆ ਦੀ ਸਰਕਾਰ ਅਤੇ ਲੋਕਾਂ ਦੇ ਨਾਲ ਖੜ੍ਹਾ ਹੈ।