ਅੰਮ੍ਰਿਤਸਰ: ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਹੋਣ ਵਾਲੀ ਖੱਜਲ ਖੁਆਰੀ ਬਾਰੇ ਹਰ ਕਿਸੇ ਨੂੰ ਪਤਾ ਹੈ ਪਰ ਜਦੋਂ ਹਸਪਤਾਲ ਦੇ ਪ੍ਰਬੰਧਾਂ ਵਿੱਚ ਸੁਧਾਰ ਲਿਆਉਣ ਦੇ ਮੰਤਵ ਨਾਲ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਲਗਾਤਾਰ ਹਸਪਤਾਲ ਦਾ ਦੌਰਾ ਕੀਤਾ ਤਾਂ ਸਰਕਾਰੀ ਮੈਡੀਕਲ ਕਾਲਜ ਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਨੇ ਔਜਲਾ ਖਿਲਾਫ ਮੋਰਚਾ ਖੋਲ੍ਹ ਦਿੱਤਾ। ਡਾਕਟਰਾਂ ਨੇ ਇਲਜ਼ਾਮ ਲਾਇਆ ਕਿ ਔਜਲਾ ਵਾਰ-ਵਾਰ ਹਸਪਤਾਲ ਦੇ ਦੌਰੇ ਕਰਕੇ ਡਾਕਟਰਾਂ ਨੂੰ ਪ੍ਰੇਸ਼ਾਨ ਕਰਦੇ ਹਨ।


ਅੱਜ ਡਾਕਟਰਾਂ ਵੱਲੋਂ ਆਪਣਾ ਕੰਮ-ਕਾਜ ਠੱਪ ਕਰਕੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਸਾਂਸਦ ਗੁਰਜੀਤ ਔਜਲਾ ਖਿਲਾਫ ਧਾਰਨਾ ਦਿੱਤਾ ਗਿਆ ਤੇ ਨਾਅਰੇਬਾਜ਼ੀ ਵੀ ਕੀਤੀ ਗਈ। ਦਰਅਸਲ ਬੀਤੇ ਦਿਨੀਂ ਸਾਂਸਦ ਔਜਲਾ ਨੇ ਹਸਪਤਾਲ ਦਾ ਦੌਰਾ ਕੀਤਾ ਸੀ ਤੇ ਡਾਕਟਰਾਂ ਨੂੰ ਫਟਕਾਰ ਵੀ ਲਾਈ ਸੀ। ਇਸ ਮੌਕੇ ਵਿਜੀਲੈਂਸ ਦੀ ਟੀਮ ਨੂੰ ਸ਼ਿਕਾਇਤ ਕਰਕੇ ਡਾਕਟਰਾਂ ਖਿਲਾਫ ਜਾਂਚ ਕਰਕੇ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਸੀ। ਔਜਲਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਹਸਪਤਾਲ ਦੇ ਡਾਕਟਰਾਂ ਖਿਲਾਫ ਕਈ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ ਜਿਸ ਕਰਕੇ ਉਨ੍ਹਾਂ ਵੱਲੋਂ ਇਥੇ ਆ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਂਦਾ ਹੈ।

ਉਧਰ ਡਾਕਟਰਾਂ ਤੇ ਮੈਡੀਕਲ ਸੁਪਰੀਡੈਂਟ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਹਸਪਤਾਲ ਨੂੰ ਸਰਕਾਰ ਵੱਲੋਂ ਜ਼ਰੂਰੀ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਤੇ ਦੂਜੇ ਪਾਸੇ ਦਿਨ ਰਾਤ ਮਿਹਨਤ ਕਰਕੇ ਹਸਪਤਾਲ ਨੂੰ ਚਲਾਉਣ ਵਾਲੇ ਡਾਕਟਰਾਂ ਖਿਲਾਫ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਔਜਲਾ ਵੱਲੋਂ ਡਾਕਟਰਾਂ ਨੂੰ ਪ੍ਰੇਸ਼ਾਨ ਕਰਨ ਦੀ ਥਾਂ ਸਰਕਾਰ ਉੱਤੇ ਦਬਾਅ ਬਣਾਉਣਾ ਚਾਹੀਦਾ ਹੈ ਤਾਂ ਜੋ ਹਸਪਤਾਲ ਨੂੰ ਜ਼ਰੂਰੀ ਸਹੂਲਤਾਂ ਤੇ ਫੰਡ ਮੁਹੱਈਆ ਕਰਵਾਏ ਜਾਣ ਜਿਸ ਨਾਲ ਮਰੀਜ਼ਾਂ ਦੀਆਂ ਪ੍ਰੇਸ਼ਾਨੀਆਂ ਖਤਮ ਹੋ ਜਾਣਗੀਆਂ।