ਚੰਡੀਗੜ੍ਹ: ਕੇਂਦਰੀ ਜਾਂਚ ਬਿਊਰੋ ਨੇ ਸਾਧੂਆਂ ਨੂੰ ਨਿਪੁੰਸਕ ਬਣਾਉਣ ਵਾਲੇ ਕੇਸ ਵਿੱਚ ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਵਿਰੁੱਧ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਸੀ.ਬੀ.ਆਈ. ਵੱਲੋਂ ਦਾਇਰ ਕੀਤੀ ਚਾਰਜਸ਼ੀਟ ਵਿੱਚ ਸਾਧੂਆਂ ਨੂੰ ਨਿਪੁੰਸਕ ਬਣਾਏ ਜਾਣ ਦੇ ਸੰਭਾਵੀ ਕਾਰਨਾਂ ਤੇ ਇਸ ਦੀ ਸ਼ੁਰੂਆਤ ਕਦੋਂ ਤੇ ਕਿਉਂ ਹੋਈ, ਆਦਿ ਪੱਖਾਂ ਬਾਰੇ ਖੁਲਾਸਾ ਕੀਤਾ ਗਿਆ ਹੈ।


ਸੀ.ਬੀ.ਆਈ. ਦੇ ਦੋਸ਼ ਪੱਤਰ ਮੁਤਾਬਕ ਰਾਮ ਰਹੀਮ ਨੇ ਸਾਧੂਆਂ ਨੂੰ ਨਿਪੁੰਸਕ ਬਣਾ ਕੇ ਉਨ੍ਹਾਂ ਦੇ ਨਾਵਾਂ 'ਤੇ ਜ਼ਮੀਨ ਖਰੀਦੀ ਹੋਈ ਸੀ। ਰਾਮ ਰਹੀਮ ਦੀ ਇਸ ਨਿਪੁੰਸਕ ਫ਼ੌਜ ਬਾਰੇ ਛੇ ਸਾਧੂਆਂ ਦੇ ਬਿਆਨਾਂ ਤੋਂ ਖੁਲਾਸਾ ਹੋਇਆ ਹੈ। ਡੇਰਾ ਮੁਖੀ ਨਿਪੁੰਸਕ ਬਣਾਏ ਹੋਏ ਸਾਧੂਆਂ ਨੂੰ ਆਪਣੀ ਗੁਫਾ ਦੇ ਨਜ਼ਦੀਕ ਰੱਖਦਾ ਸੀ। ਉਸ ਸਾਧਵੀਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਨਿਪੁੰਸਕ ਕਰ ਦਿੰਦਾ ਸੀ।

ਚਾਰਜਸ਼ੀਟ ਮੁਤਾਬਕ ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਸਿਲਸਿਲਾ ਸਾਲ 1999 ਵਿੱਚ ਸ਼ੁਰੂ ਹੋਇਆ ਸੀ। ਜਦੋਂ ਡੇਰਾ ਮੁਖੀ ਨੇ ਸਾਧੂਆਂ ਦੀ ਸਾਧਵੀਆਂ ਨਾਲ ਵਧਦੀ ਨੇੜਤਾ ਬਾਰੇ ਪਤਾ ਲੱਗਾ ਤਾਂ ਉਸ ਨੇ ਸਾਧੂਆਂ ਨੂੰ 'ਨਿਪੁੰਸਕ-ਵਿਧੀ' ਰਾਹੀਂ ਪਰਮਾਤਮਾ ਨੂੰ ਪਾਉਣ ਦਾ ਰਾਹ ਦੱਸਿਆ। ਦਰਅਸਲ 1999 ਵਿੱਚ ਸਾਧੂ ਬਲਜਿੰਦਰ ਸਿੰਘ ਨੂੰ ਰਾਮ ਰਹੀਮ ਦੇ ਸੁਰੱਖਿਆ ਗਾਰਡ ਨੇ ਇੱਕ ਸਾਧਵੀ ਨੂੰ ਗੰਨਾ ਦਿੰਦੇ ਹੋਏ ਵੇਖ ਲਿਆ ਤੇ ਉਸ ਦੀ ਸ਼ਿਕਾਇਤ ਰਾਮ ਰਹੀਮ ਕੋਲ ਪਹੁੰਚ ਗਈ। ਉਦੋਂ ਤੋਂ ਡੇਰੇ ਵਿੱਚ ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ।

ਸੀ.ਬੀ.ਆਈ. ਵੱਲੋਂ ਦਾਇਰ ਦੋਸ਼ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਜੋ ਵੀ ਸਾਧੂ ਨਿਪੁੰਸਕ ਹੋਣ ਤੋਂ ਮਨ੍ਹਾ ਕਰ ਦਿੰਦਾ ਸੀ ਤਾਂ ਉਸ ਦਾ ਜ਼ਬਰਦਸਤੀ ਆਪ੍ਰੇਸ਼ਨ ਕਰ ਦਿੱਤਾ ਜਾਂਦਾ ਸੀ। ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਿੱਚ ਰਾਮ ਰਹੀਮ, ਡਾਕਟਰ ਮਹੇਂਦਰ ਪਾਲ ਤੇ ਡਾਕਟਰ ਪੰਕਜ ਗਰਗ ਵਿਰੁੱਧ 127 ਸਾਧੂਆਂ ਨੂੰ ਜ਼ਬਰਦਸਤੀ ਨਿਪੁੰਸਕ ਬਣਾਉਣ ਦੇ ਮਾਮਲੇ ਦੀ ਸੁਣਵਾਈ 12 ਫਰਵਰੀ ਨੂੰ ਹੋਵੇਗੀ।