ਅੰਮ੍ਰਿਤਸਰ: ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਬਿੱਲ ਪਾਸ ਕਰਨ ਵਾਲੀ ਕੈਪਟਨ ਸਰਕਾਰ ਹੁਣ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ 'ਚ ਜਾ ਕੇ ਕਿਸਾਨਾਂ ਨੂੰ ਲਾਮਬੱਧ ਕਰ ਰਹੀ ਹੈ। ਇਸ ਬਾਬਤ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ 'ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਬੁੱਧਵਾਰ 28 ਅਕਤੂਬਰ ਨੂੰ ਮਾਝੇ ਦੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਇਨ੍ਹਾਂ ਰੈਲੀਆਂ ਦੀ ਸ਼ੁਰੂਆਤ ਕੀਤੀ ਗਈ ਹੈ।




ਰੈਲੀ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ "ਸੁਖਬੀਰ ਬਾਦਲ ਕਿਸਾਨ ਦੇ ਬੇਟੇ ਹਨ। ਉਹ ਚਿੱਟੇ ਦੀ ਗੱਲ ਕਰਨ, ਰੇਤਾ ਦੀ ਗੱਲ ਕਰਨ ਜਾਂ ਬੱਸਾਂ ਦੀ ਗੱਲ ਕਰਨ, ਉਹ ਕਿਸਾਨਾਂ ਦੀ ਗੱਲ ਨਾ ਕਰਨ।"ਉਨ੍ਹਾਂ ਸਵਾਲ ਚੁੱਕਦੇ ਹੋਏ ਕਿਹਾ, "ਕੀ ਸੁਖਬੀਰ ਬਾਦਲ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ? ਦੋ ਦਿਨ ਲੱਗ ਗਏ ਬਿੱਲਾਂ ਨੂੰ ਪੜ੍ਹਦੇ ਹੋਏ।"

ਉਨ੍ਹਾਂ ਕਿਹਾ, "ਵੱਡੇ ਬਾਦਲ ਨੇ ਹੱਥੀਂ ਖੇਤੀ ਕੀਤੀ ਹੈ ਪਰ ਜਦੋਂ ਕਾਲੇ ਕਾਨੂੰਨ ਲਿਆਂਦੇ ਗਏ, ਉਸ ਵੇਲੇ ਕਿਸਾਨਾਂ ਦੀ ਗੱਲ ਕਰਨ ਵਾਲਾ ਕੋਈ ਨਹੀਂ ਸੀ। ਅੱਜ ਦੇ ਅਕਾਲੀ ਫਰਜ਼ੀ ਕਿਸਾਨ ਹਨ। ਉਨ੍ਹਾਂ ਪੰਥ ਦੀ ਪਿੱਠ 'ਚ ਛੁਰਾ ਮਾਰਿਆ ਹੈ। ਪਹਿਲਾਂ ਬਹਿਬਲ ਕਾਂਡ, ਬਰਗਾੜੀ ਕਾਂਡ ਤੇ ਫਿਰ ਡੇਰਾ ਮੁੱਖੀ ਨਾਲ ਸੌਦਾ ਕੀਤਾ। ਪੰਥਕ ਪਾਰਟੀ ਦੇ ਪ੍ਰਧਾਨ ਨੂੰ ਬਟਨ ਖੋਲ੍ਹ ਕੇ ਆਪਣਾ ਗਾਤਰਾ ਕਿਉਂ ਦਿਖਾਉਣ ਦੀ ਲੋੜ ਪਈ ?"