ਬਰਨਾਲਾ: ਬਰਨਾਲਾ ਦੇ ਪਿੰਡ ਗੁੰਮਟੀ ਦੇ ਰਹਿਣ ਵਾਲੇ ਪਤੀ-ਪਤਨੀ ਦਾ ਝਗੜਾ ਇਸ ਹੱਦ ਤਕ ਵੱਧ ਗਿਆ ਕਿ ਘਰੇਲੂ ਝਗੜੇ ਕਾਰਨ ਪਤੀ ਨੇ ਗੁੱਸੇ ਵਿੱਚ ਆ ਕੇ ਆਪਣੀ ਪਤਨੀ ਦਾ ਰੱਸੀ ਨਾਲ ਗਲ ਘੁੱਟ ਦਿੱਤਾ। ਇਸ ਨਾਲ ਮਨਦੀਪ ਕੌਰ (35) ਦੀ ਮੌਕੇ 'ਤੇ ਮੌਤ ਹੋ ਗਈ। ਪੁਲਿਸ ਨੇ ਸੱਸ ਸਹੁਰਾ ਤੇ ਪਤੀ ਖਿਲਾਫ਼ ਕੇਸ ਦਰਜ ਕੀਤਾ ਹੈ।
ਇਹ ਘਟਨਾ ਪਿੰਡ ਵਿੱਚ ਅੱਗ ਵਾਂਗ ਫੈਲ ਗਈ ਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਖਬਰ ਦਿੱਤੀ ਗਈ। ਪੁਲਿਸ ਨੇ ਮ੍ਰਿਤਕ ਲੜਕੀ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਅਧਾਰ 'ਤੇ ਮ੍ਰਿਤਕ ਮਨਦੀਪ ਕੌਰ ਦੇ ਸਹੁਰਿਆਂ ਦੇ ਤਿੰਨ ਵਿਅਕਤੀਆਂ ਪਤੀ, ਸੱਸ, ਸਹੁਰੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਿਤਾ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿੱਚ ਕਾਫੀ ਸਮੇਂ ਤੋਂ ਘਰੇਲੂ ਝਗੜੇ ਹੁੰਦੇ ਸਨ ਜਿਸ ਕਾਰਨ ਉਹ ਲੜਕੀ ਨੂੰ ਕੁੱਟਦੇ ਸਨ। ਕਈ ਵਾਰ ਪਿੰਡ ਦੀ ਪੰਚਾਇਤ ਨੇ ਵੀ ਸਮਝਾਇਆ, ਪਰ ਅੱਜ ਝਗੜਾ ਇਸ ਹੱਦ ਤਕ ਵੱਧ ਗਿਆ ਕਿ ਪਰਿਵਾਰਕ ਮੈਂਬਰਾਂ ਨੇ ਮਨਦੀਪ ਕੌਰ ਦਾ ਕਤਲ ਕਰ ਦਿੱਤਾ।
ਪਿੰਡ ਦੇ ਸਰਪੰਚ ਨੇ ਪੁਲਿਸ ਪ੍ਰਸਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਪੁਲਿਸ ਪ੍ਰਸਾਸਨ ਨੇ ਕਿਹਾ ਮ੍ਰਿਤਕ ਔਰਤ ਦਾ ਸਰਕਾਰੀ ਹਸਪਤਾਲ ਬਰਨਾਲਾ 'ਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।