ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਨੇ ਅਣਮਿਥੇ ਤੇ ਗ਼ੈਰ ਰਸਮੀ ਪ੍ਰੋਗਰਾਮ ਐਲਾਨ ਕੇ ਧਾਰਮਿਕ ਸਮਾਗਮਾਂ ਨੂੰ 'ਹਾਈਜੈਕ' ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਾਰੇ ਸਮਾਗਮਾਂ ਦਾ ਕ੍ਰੈਡਿਟ ਲੈਣਾ ਚਾਹੁੰਦਾ ਹੈ। ਪ੍ਰੋਗਰਾਮਾਂ ਦੇ ਗ਼ੈਰ ਰਸਮੀ ਐਲਾਨ ਨਾਲ ਹਰਸਿਮਰਤ ਨੇ ਪ੍ਰਧਾਨ ਮੰਤਰੀ ਦਫ਼ਤਰ ਤੇ ਰਾਸ਼ਟਰਪਤੀ ਦਫ਼ਤਰ ਦੀ ਤੌਹੀਨ ਕੀਤੀ ਹੈ।
ਕੈਪਟਨ ਨੇ ਅਕਾਲੀ ਲੀਡਰ ਨੂੰ ਯਾਦ ਦਿਵਾਇਆ ਕਿ ਇਹ ਉਨ੍ਹਾਂ ਦੀ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬੇਸ਼ਰਮੀ ਨਾਲ ਤੇ ਜਾਣ ਬੁੱਝ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਬੇਇੱਜ਼ਤ ਕੀਤਾ ਸੀ ਜਦਕਿ ਉਨ੍ਹਾਂ ਦੀ ਸਰਕਾਰ ਨੇ ਹਮੇਸ਼ਾ ਸਿੱਖ ਹਸਤੀਆਂ ਦਾ ਸਤਿਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਭ ਲੋਕ ਜਾਣਦੇ ਹਨ ਕਿ ਅਕਾਲੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ।
ਦਰਅਸਲ ਬੀਤੇ ਕੱਲ੍ਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਐਲੀਨ ਕੀਤਾ ਕਿ 8 ਨਵੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ੁਦ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਜਾਣ ਵਾਲੇ ਲਾਂਘੇ ਦਾ ਉਦਘਾਟਨ ਕਰਨਗੇ ਤੇ ਇਸ ਤੋਂ ਬਾਅਦ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣਗੇ।
ਹਰਸਿਮਰਤ ਨੇ ਇਹ ਵੀ ਸਪਸ਼ਟ ਕੀਤਾ ਸੀ ਕਿ 11 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ SGPC ਦੀ ਸਟੇਜ 'ਤੇ ਹੀ ਪੁੱਜਣਗੇ। ਇਸ ਦੇ ਨਾਲ ਹੀ ਹਰਸਿਮਰਤ ਨੇ ਦਾਅਵਾ ਕੀਤਾ ਸੀ ਕਿ 12 ਨਵੰਬਰ ਨੂੰ ਮੁੱਖ ਸਮਾਗਮ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੀ SGPC ਦੀ ਸਟੇਜ ਦੀ ਹੀ ਸ਼ਾਨ ਵਧਾਉਣਗੇ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਹੀ ਵੱਖ ਸਟੇਜ ਲਾਈ ਜਾਏਗੀ ਤੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਸਰਕਾਰ ਵੱਲੋਂ ਵੀ ਦਿੱਤਾ ਗਿਆ ਸੀ।