ਅੰਮ੍ਰਿਤਸਰ: ਪੰਜਾਬ ਦੀ ਰਾਜਨੀਤੀ 'ਚ ਸਭ ਤੋਂ ਵੱਡਾ ਮੁੱਦਾ ਨਸ਼ਾ ਬਣਿਆ ਹੋਇਆ ਹੈ। ਰਾਜਨੀਤਕ ਪਾਰਟੀਆਂ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਫਸੇ ਹੋਣ ਦੇ ਦਾਅਵੇ ਕਰ ਰਹੀਆਂ ਹਨ, ਉੱਥੇ ਹੀ ਸਰਕਾਰ ਇਹ ਸਾਬਤ ਕਰਨ ਵਿੱਚ ਲੱਗੀ ਹੋਈ ਹੈ ਕਿ ਪੰਜਾਬ ਦਾ ਨੌਜਵਾਨ ਨਛੇੜੀ ਨਹੀਂ ਹੈ। ਇਸੇ ਕਰਕੇ ਇਸ ਵਾਰ ਪੰਜਾਬ ਪੁਲਿਸ ਵੱਲੋਂ ਸਿਪਾਹੀਆਂ ਦੀ ਭਰਤੀ ਵਿੱਚ ਵੀ ਡੋਪ ਟੈਸਟ ਕੀਤੇ ਜਾ ਰਹੇ ਹਨ।


 

 

ਅੱਜ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਸਟੇਡੀਅਮ ਵਿੱਚ ਭਰਤੀ ਲਈ ਪਹੁੰਚੇ ਨੌਜਵਾਨਾਂ ਦੀ ਭਰਤੀ ਪ੍ਰਕ੍ਰਿਆ ਦੀ ਸ਼ੁਰੂਆਤ ਡੋਪ ਟੈਸਟ ਤੋਂ ਹੀ ਹੋਈ। ਡੋਪ ਟੈਸਟ ਕਾਰਨ ਲਈ ਪੁੱਜੀ ਮੈਡੀਕਲ ਟੀਮ ਦੀ ਅਗਵਾਈ ਕਰ ਰਹੇ ਡਾਕਟਰ ਤਰਲੋਚਨ ਸਿੰਘ ਨੇ ਦੱਸਿਆ ਕਿ ਇਸ ਟੈਸਟ ਰਾਹੀਂ ਪੰਜ ਐਲੀਮੈਂਟਸ ਟੈਸਟ ਕੀਤੇ ਜਾਣਗੇ। ਇਸ ਰਾਹੀਂ ਇਹ ਪਤਾ ਲਾਇਆ ਜਾ ਸਕੇਗਾ ਕਿ ਭਰਤੀ ਲਈ ਆਇਆ ਨੌਜਵਾਨ ਕਿਸੇ ਤਰ੍ਹਾਂ ਦਾ ਨਸ਼ਾ ਤਾਂ ਨਹੀਂ ਕਰਦਾ। ਇਸ ਟੈਸਟ ਨੂੰ ਪਾਸ ਕਾਰਨ ਤੋਂ ਬਾਅਦ ਹੀ ਨੌਜਵਾਨ ਨੂੰ ਭਰਤੀ ਦੇ ਅਗਲੇ ਪੜਾਅ ਵਿੱਚ ਭੇਜਿਆ ਜਾਵੇਗਾ।

 

 

ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੌਜਵਾਨ ਦਾ ਟੈਸਟ ਪਾਜੇਟਿਵ ਵੀ ਆਉਂਦਾ ਹੈ ਤਾਂ ਉਸ ਨੂੰ ਇੱਕ ਵਾਰ ਫਿਰ ਮੌਕਾ ਦਿੱਤਾ ਜਾਵੇਗਾ। ਉਸ ਦਾ ਦੁਬਾਰਾ ਟੈਸਟ ਕੀਤਾ ਜਾਵੇਗਾ। ਜੇਕਰ ਫਿਰ ਵੀ ਉਸ ਦੀ ਰਿਪੋਰਟ ਪਾਜੇਟਿਵ ਆਉਂਦੀ ਹੈ ਤਾਂ ਉਸ ਦਾ ਟੈਸਟ ਸਰਕਾਰੀ ਮੈਡੀਕਲ ਕਾਲਜ ਵਿੱਚੋਂ ਕਰਵਾਇਆ ਜਾਵੇਗਾ। ਇਸ ਟੈਸਟ ਤੋਂ ਪਹਿਲਾਂ ਉਮੀਦਵਾਰ ਦੀ ਰਜ਼ਾਮੰਦੀ ਵੀ ਲਈ ਜਾਂਦੀ ਹੈ ਕਿ ਉਹ ਟੈਸਟ ਕਰਵਾਉਣਾ ਚਾਹੁੰਦਾ ਹੈ ਜਾਂ ਨਹੀਂ।

 

ਅੱਜ ਸ਼ੁਰੂ ਹੋਈ ਭਰਤੀ ਪ੍ਰਕਿਰਿਆ ਦੀ ਸ਼ੁਰੂਆਤ ਵਿੱਚ ਅੰਮ੍ਰਿਤਸਰ ਵਿੱਚ ਕੀਤੇ ਗਏ ਡੋਪ ਟੈਸਟਾਂ ਵਿੱਚ ਭਾਵੇਂ ਜ਼ਿਆਦਾਤਰ ਨੌਜਵਾਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਪਾਰ ਭਰਤੀ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਦਾ ਵੀ ਇਹੀ ਕਹਿਣਾ ਹੈ ਕਿ ਪੰਜਾਬ ਦਾ ਵਧੇਰੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਹੈ। ਨੌਜਵਾਨਾਂ ਨੇ ਡੋਪ ਟੈਸਟ ਕਰਵਾਏ ਜਾਣ ਦੀ ਤਾਰੀਫ ਕਰਦਿਆਂ ਕਿਹਾ ਕਿ ਇਸ ਟੈਸਟ ਨਾਲ ਸਹੀ ਤੇ ਕਾਬਲ ਨੌਜਵਾਨਾਂ ਨੂੰ ਪੁਲਿਸ ਵਿੱਚ ਭਰਤੀ ਹੋਣ ਦਾ ਮੌਕਾ ਮਿਲਣ ਦੀ ਉਮੀਦ ਹੈ।