ਚੰਡੀਗੜ੍ਹ: ਪੰਜਾਬ ਸਰਕਾਰ ਨੇ ਹਾਲ ਹੀ 'ਚ ਸਰਕਾਰੀ ਭਰਤੀ ਵੇਲੇ ਡੋਪ ਟੈਸਟ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਨੂੰ ਹਸਪਤਾਲਾਂ 'ਚ ਵੱਡੀ ਗਿਣਤੀ ਲੈਬ ਤਕਨੀਸ਼ਨ ਵੀ ਭਰਤੀ ਕਰਨੇ ਪੈਣਗੇ।


ਇਸ ਸਬੰਧੀ 'ਏਬੀਪੀ ਸਾਂਝਾਂ' ਨੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਲੈਬ ਡਿਪਾਰਟਮੈਂਟ ਦਾ ਦੌਰਾ ਕੀਤਾ ਤਾਂ ਉਥੇ ਮੌਜੂਦ ਤਕਨੀਸ਼ੀਅਨਾਂ ਮੁਤਾਬਕ ਸਟਾਫ ਦੀ ਘਾਟ ਕਾਰਨ ਉਹ ਪਹਿਲਾਂ ਹੀ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।


ਲੈਬ ਦੇ ਮੁੱਖ ਤਕਨੀਸ਼ੀਅਨ ਰਾਜੇਸ਼ ਸ਼ਰਮਾ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਦੱਸਿਆ ਇੱਥੇ ਪੰਜਾਬ ਸਰਕਾਰ ਵੱਲੋਂ ਅਸਲੇ ਦੇ ਲਾਇਸੈਂਸ ਸਬੰਧੀ ਡੋਪ ਟੈਸਟ ਦੇ ਨਾਲ-ਨਾਲ ਹਰ ਮਹੀਨੇ 50 ਤੋਂ 70 ਹਜ਼ਾਰ ਦੇ ਕਰੀਬ ਸਰਕਾਰੀ ਟੈਸਟ ਹੁੰਦੇ ਹਨ।


ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਡੋਪ ਟੈਸਟ ਕਰਵਾਉਣਾ ਹੀ ਹੈ ਤਾਂ ਉਨ੍ਹਾਂ ਨੂੰ ਇੱਥੇ ਹੋਰ ਸਟਾਫ ਦੀ ਭਰਤੀ ਕਰਨੀ ਪਵੇਗੀ। ਹੁਣ ਸਵਾਲ ਇਹ ਉੱਠਦਾ ਹੈ ਕਿ ਪੰਜਾਬ ਸਰਕਾਰ ਲੱਖਾਂ ਦੀ ਗਿਣਤੀ 'ਚ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟਾਂ ਲਈ ਕਿੰਨੀ ਜਲਦੀ ਹੋਰ ਮੁਲਾਜ਼ਮਾਂ ਦੀ ਭਰਤੀ ਕਰਦੀ ਹੈ।