ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਸਾਰੇ ਵਿਧਾਇਕਾਂ ਨੂੰ ਡੋਪ ਟੈਸਟ ਕਾਰਵਾਉਣਾ ਚਾਹੀਦਾ ਹੈ ਪਰ ਆਪਣੇ ਤੇ ਕੈਪਟਨ ਅਮਰਿੰਦਰ ਦੇ ਡੋਪ ਟੈਸਟ ਬਾਰੇ ਸਵਾਲ ਨੂੰ ਟਾਲ ਗਏ। ਉਨ੍ਹਾਂ ਕਿਹਾ ਕਿ ਨਸ਼ੇ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਸ਼ਿਆਂ ਬਾਰੇ ਆਲ ਪਾਰਟੀ ਮੀਟਿੰਗ ਬਲਾਉਣ। ਅਕਾਲੀ ਦਲ ਇਸ ਵਿੱਚ ਪੂਰਾ ਸਹਿਯੋਗ ਕਰੇਗਾ।
ਦਰਅਸਲ ਨਸ਼ਿਆਂ ਦੇ ਮੁੱਦੇ ‘ਤੇ ਸਿਆਸੀ ਲੀਡਰਾਂ ਵਿੱਚ ‘ਡੋਪ ਜੰਗ’ ਛਿੜ ਗਈ ਹੈ। ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚੋਂ ਡੋਪ ਟੈਸਟ ਕਰਵਾ ਕੇ ਦੂਜੇ ਵਿਧਾਇਕਾਂ ਤੇ ਮੰਤਰੀਆਂ ਨੂੰ ਵੀ ਡੋਪ ਟੈਸਟ ਕਰਨ ਲਈ ਵੰਗਾਰਿਆ।
ਦੂਜੇ ਪਾਸੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵੀ ਡੋਪ ਟੈਸਟ ਕਰਵਾਉਣ ਪਹੁੰਚੇ ਪਰ ਡਾਕਟਰਾਂ ਨੇ ਡੋਪ ਤੋਂ ਨਾਂਹ ਕਰ ਦਿੱਤੀ। ਡਾਕਟਰਾਂ ਨੇ ਕਿਹਾ ਕਿ ਬਿਮਾਰੀ ਦੀਆਂ ਦਵਾਈਆਂ ਚੱਲ ਰਹੀਆਂ ਹਨ। ਇਸ ਲਈ ਸੋਮਵਾਰ ਤੱਕ ਡੋਪ ਟੈਸਟ ਹੋ ਸਕਦਾ ਹੈ। ਇਸ ਬਾਰੇ ਜਦੋਂ ਸੁਖਬੀਰ ਬਾਦਲ ਤੋਂ ਪੁੱਛਿਆ ਗਿਆ ਤਾਂ ਉਹ ਡੋਪ ਟੈਸਟ ਤੋਂ ਟਾਲਾ ਵੱਟਦੇ ਨਜ਼ਰ ਆਏ। ਉਂਝ ਉਨ੍ਹਾਂ ਕਿਹਾ ਕਿ ਸਾਰੇ ਵਿਧਾਇਕਾਂ ਨੂੰ ਡੋਪ ਟੈਸਟ ਕਾਰਵਾਉਣਾ ਚਾਹੀਦਾ ਹੈ।
ਜਲ ਬੱਸ ਬੰਦ ਕਰਨ ਬਾਰੇ ਸੁਖਬੀਰ ਬਾਦਲ ਨੇ ਕਿਹਾ, "ਸਿੱਧੂ ਮੇਰੇ ਪ੍ਰਾਜੈਕਟਾਂ ਦੇ ਨਹੀਂ ਸਗੋਂ ਮੇਰੇ ਖਿਲਾਫ ਹੈ। ਅਸੀਂ ਵਿਰਾਸਤ-ਏ-ਖਾਲਸਾ ਤੇ ਜੰਗੇ ਆਜ਼ਾਦੀ ਯਾਦਗਾਰ ਵੀ ਬਣਾਏ। ਸਭ ਕੁਝ ਪੈਸੇ ਕਮਾਉਣ ਲਈ ਨਹੀਂ ਹੁੰਦਾ। ਉਸ ਨੂੰ ਕਹੋ ਏਅਰਪੋਰਟ ਤੇ ਫਲਾਈਓਵਰ ਬੰਦ ਕਰ ਦਿਓ। ਉਹ ਵੀ ਮੈਂ ਬਣਾਏ ਸੀ। ਅਸੀਂ ਟੂਰਿਜ਼ਮ ਲਈ ਸਭ ਕੁਝ ਕੀਤਾ। ਇਹ ਟੂਰਿਜ਼ਮ ਬਰਬਾਦ ਕਰ ਰਿਹਾ ਹੈ।"