ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਫ਼ਜ਼ੂਪੁਰ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਖੇਤਾਂ ‘ਚ ਸਵੇਰੇ ਦੋ ਲਾਸ਼ਾਂ ਨਜ਼ਰ ਆਈਆਂ। ਦੋਵੇਂ ਮ੍ਰਿਤਕਾਂ ਦੀ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ ਤੇ ਦੋਵੇਂ ਮ੍ਰਿਤਕ ਪਿੰਡ ਲੇਹਲ ਦੇ ਰਹਿਣ ਵਾਲੇ ਹਨ। ਇਤਲਾਹ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮ੍ਰਿਤਕਾਂ ਦਾ ਕਤਲ ਪਿੰਡ ਫ਼ਜ਼ੂਪੁਰ ਦੇ ਸ਼ਮਸ਼ਾਨ ਘਾਟ ਵਿੱਚ ਸਿਰ ‘ਤੇ ਗਮਲੇ ਮਾਰ ਕੇ ਕੀਤਾ ਗਿਆ ਹੈ। ਬਾਅਦ ਵਿਚ ਲਾਸ਼ਾਂ ਨੂੰ ਪਿੰਡ ਦੇ ਖੇਤਾਂ ਵਿੱਚ ਸੁੱਟ ਦਿੱਤਾ ਗਿਆ।
ਉਧਰ ਪਿੰਡ ਫ਼ਜ਼ੂਪੁਰ ਦੇ ਸਰਪੰਚ ਬਲਵਿੰਦਰ ਪਾਲ ਤੇ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਮ੍ਰਿਤਕ ਸ਼ਾਮ ਲਾਲ ਤੇ ਸਟੀਫਨ ਦੋਵੇਂ ਪਿੰਡ ਲੇਹਲ ਦੇ ਰਹਿਣ ਵਾਲੇ ਹਨ ਤੇ ਪਿੰਡ ਫ਼ਜ਼ੂਪੁਰ ਦੇ ਸ਼ਮਸ਼ਾਨ ਘਾਟ ਵਿੱਚ ਰਹਿੰਦੇ ਸੀ। ਮ੍ਰਿਤਕ ਪਿੰਡ ਵਿੱਚ ਮਿਹਨਤ ਮਜ਼ਦੂਰੀ ਕਰਦੇ ਸੀ ਤੇ ਸ਼ਰਾਬ ਪੀਣ ਦੇ ਆਦੀ ਸੀ। ਅੱਜ ਸਵੇਰੇ ਸੂਚਨਾ ਮਿਲੀ ਕਿ ਦੋਵਾਂ ਦਾ ਕਤਲ ਹੋ ਗਿਆ ਹੈ। ਜਦੋਂ ਮੌਕੇ ‘ਤੇ ਆ ਕੇ ਦੇਖਿਆ ਤਾਂ ਸ਼ਾਮ ਲਾਲ ਤੇ ਸਟੀਫਨ ਦੀਆਂ ਲਾਸ਼ਾਂ ਸ਼ਮਸ਼ਾਨ ਘਾਟ ਦੇ ਨਾਲ ਲੱਗਦੇ ਖੇਤਾਂ ਵਿੱਚ ਪਈਆਂ ਸੀ।
ਉਨ੍ਹਾਂ ਦੱਸਿਆ ਕਿ ਸ਼ਮਸ਼ਾਨ ਘਾਟ ਵਿੱਚ ਦੇਖਣ ਤੋਂ ਪਤਾ ਲੱਗਦਾ ਸੀ ਕਿ ਜਿਵੇਂ ਇਨ੍ਹਾਂ ਨੂੰ ਇੱਥੇ ਕਤਲ ਕਰਕੇ ਦੋਵਾਂ ਦੀਆਂ ਲਾਸ਼ਾਂ ਨੂੰ ਘੜੀਸ ਕੇ ਖੇਤਾਂ ਵਿੱਚ ਸੁੱਟਿਆ ਗਿਆ ਹੋਵੇ। ਉਨ੍ਹਾਂ ਦੱਸਿਆ ਕਿ ਸ਼ਾਮ ਲਾਲ ਦਾ ਕੋਈ ਪਰਿਵਾਰਿਕ ਮੈਂਬਰ ਨਹੀਂ ਪਰ ਮ੍ਰਿਤਕ ਸਟੀਫਨ ਦੇ ਪਰਿਵਾਰ ਵਿੱਚ ਕੇਵਲ ਉਸ ਦੀ ਬਜ਼ੁਰਗ ਮਾਂ ਹੀ ਹੈ ਜੋ ਗੁਰਦਾਸਪੁਰ ਰਹਿੰਦੀ ਹੈ। ਲੋਕਾਂ ਨੇ ਕਿਹਾ ਕਿ ਪੁਲਿਸ ਨੂੰ ਇਸ ਦੋਹਰੇ ਕਤਲ ਦੀ ਗੁੱਥੀ ਨੂੰ ਜਲਦ ਸੁਲਝਾ ਕੇ ਕਤਲ ਕਰਨ ਵਾਲੇ ਨੂੰ ਜਲਦ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਹੌਲ ਬਣ ਗਿਆ ਹੈ।
ਪਿੰਡ ‘ਚ ਦੋਹਰੇ ਕਤਲ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਪਿੰਡ ਵਾਸੀਆਂ ਮੁਤਾਬਕ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਰੋਜ਼ਾਨਾ ਰਾਤ ਨੂੰ ਨੌਜਵਾਨਾਂ ਦਾ ਇਕੱਠ ਹੁੰਦਾ ਸੀ। ਇਸ ਦੌਰਾਨ ਹੋਏ ਝਗੜੇ ਵਿੱਚ ਸ਼ਾਮ ਲਾਲ ਤੇ ਸਟੀਫਨ ਦੇ ਸਿਰ ਵਿਚ ਭਾਰੀ ਗਮਲੇ ਮਾਰ ਕੇ ਕਤਲ ਕਰਕੇ ਲਾਸ਼ਾਂ ਨੂੰ ਖੇਤਾਂ ਵਿਚ ਸੁੱਟ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਡਾਗ ਸਕੁਐਡ ਅਤੇ ਫੋਰੈਂਸਿਕ ਟੀਮ ਦੀ ਮਦਦ ਲਈ ਜਾ ਰਹੀ ਹੈ ਅਤੇ ਨਾਲ ਹੀ ਪਿੰਡ ਵਾਸੀਆਂ ਕੋਲੋ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਜਲਦ ਹੀ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ।
ਇਹ ਵੀ ਪੜ੍ਹੋ: UK government ਦਾ ‘junk food’ ਬਾਰੇ ਵੱਡਾ ਫੈਸਲਾ, ਬੱਚਿਆਂ ਦੀ ਸਿਹਤ ਨੂੰ ਵੇਖਦਿਆਂ ਲਿਆ ਐਕਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin