ਜਲੰਧਰ: ਨਕੋਦਰ ਵਿੱਚ ਇੱਕ ਦਿਓਰ ਨੇ ਸ਼ੱਕ ਦੇ ਆਧਾਰ 'ਤੇ ਆਪਣੀ ਭਾਬੀ ਤੇ ਪਿੰਡ ਦੇ ਹੀ ਮੁੰਡੇ ਦਾ ਕਤਲ ਕਰ ਦਿੱਤਾ। ਪੁਲਿਸ ਮੁਤਾਬਕ ਦਿਓਰ ਨੂੰ ਸ਼ੱਕ ਸੀ ਕਿ ਉਸ ਦੀ ਭਰਜਾਈ ਦਾ ਮੁੰਡੇ ਨਾਲ ਸਬੰਧ ਹੈ। ਡਬਲ ਮਰਡਰ ਤੋਂ ਬਾਅਦ ਮੁਲਜ਼ਮ ਫਰਾਰ ਹੈ।   ਥਾਣਾ ਸਦਰ ਅਧੀਨ ਪੈਂਦੇ ਪਿੰਡ ਆਦੀ ਦੇ ਭਿੰਦਾ ਨੇ ਤੇਜ਼ਧਾਰ ਹਥਿਆਰਾਂ ਨਾਲ ਆਪਣੀ ਭਾਬੀ ਲਵਪ੍ਰੀਤ ਤੇ ਪਿੰਡ ਦੇ ਹੀ ਆਸ਼ੂ ਨਾਂ ਦੇ ਨੌਜਵਾਨ 'ਤੇ ਹਮਲਾ ਕਰ ਦਿੱਤਾ। ਦੋਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਨਕੋਦਰ ਤੇ ਫਿਰ ਜਲੰਧਰ ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਦੋਹਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਲਵਪ੍ਰੀਤ ਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ। ਦੋਹਰੇ ਕਤਲ ਦਾ ਮੁਲਜ਼ਮ ਭਿੰਦਾ ਵੀ ਬਾਹਰੋਂ ਆ ਕੇ ਇੱਥੇ ਪਿੰਡ ਵਿੱਚ ਹੀ ਮਜ਼ਦੂਰੀ ਕਰਦਾ ਸੀ। ਉਸ ਨੂੰ ਸ਼ੱਕ ਸੀ ਕਿ ਉਸ ਦੀ ਭਰਜਾਈ ਦਾ ਆਸ਼ੂ ਨਾਲ ਸਬੰਧ ਹੈ। ਇਸੇ ਨੂੰ ਲੈ ਕੇ ਉਸ ਨੇ ਕਤਲ ਕਰ ਦਿੱਤਾ। ਲਵਪ੍ਰੀਤ ਦਾ ਭਰਾ ਇਸ ਪੂਰੇ ਮਾਮਲੇ ਨੂੰ ਆਪਸੀ ਰੰਜਿਸ਼ ਦਾ ਦੱਸ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦੀ ਭੈਣ ਦਾ ਇਸ ਪੂਰੇ ਮਾਮਲੇ ਵਿੱਚ ਕੋਈ ਕਸੂਰ ਨਹੀਂ। ਇਹ ਉਸ ਦੇ ਦਿਓਰ ਭਿੰਦਾ ਦੀ ਪਿੰਡ ਦੇ ਬੰਦਿਆਂ ਨਾਲ ਰੰਜਿਸ਼ ਦਾ ਮਾਮਲਾ ਸੀ। ਇਸੇ ਦੇ ਚੱਕਰ ਵਿੱਚ ਕਤਲ ਕੀਤੇ ਗਏ। ਜਦੋਂ ਭਿੰਦਾ ਸਾਹਮਣੇ ਆਵੇਗਾ ਤਾਂ ਸਾਰਾ ਸੱਚ ਪਤਾ ਲੱਗੇਗਾ।