'ਆਪ' 'ਚ ਰਹੇਗੀ ਡਾ. ਬਲਬੀਰ ਦੀ ਸਰਦਾਰੀ, ਖਹਿਰਾ ਨੂੰ ਸਪਸ਼ਟ ਸੁਨੇਹਾ
ਏਬੀਪੀ ਸਾਂਝਾ | 17 Jul 2018 01:57 PM (IST)
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕਈ ਲੀਡਰਾਂ ਨੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕਿਆ ਹੈ ਪਰ ਪਾਰਟੀ ਵਿੱਚ ਉਨ੍ਹਾਂ ਦੀ ਸਰਦਾਰੀ ਕਾਇਮ ਰਹੇਗੀ। ਇਸ ਗੱਲ਼ ਦਾ ਸੰਕੇਤ ਡਾ. ਬਲਬੀਰ ਸਿੰਘ ਨੇ ਬਾਗੀਆਂ ਦੇ ਅਸਤੀਫਿਆਂ ਤੋਂ ਇੱਕ ਦਿਨ ਬਾਅਦ ਹੀ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕਰਕੇ ਦਿੱਤਾ ਹੈ। ਇਸ ਤੋਂ ਇਲਾਵਾ ਪਤਾ ਲੱਗਾ ਹੈ ਕਿ ਪਾਰਟੀ ਅਸਤੀਫਾ ਦੇਣ ਵਾਲੇ 16 ਆਗੂਆਂ ਪ੍ਰਤੀ ਸਖ਼ਤੀ ਵਿਖਾਉਣ ਦੇ ਰੌਂਅ ਵਿੱਚ ਹੈ। ਇਸੇ ਤਹਿਤ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਵਾਲੇ ਸਰਵਣ ਸਿੰਘ ਹੇਅਰ ਨੂੰ ਝਟਕਾ ਕੇ ਉਨ੍ਹਾਂ ਦੀ ਥਾਂ ਹਰਜਿੰਦਰ ਸਿੰਘ ਸੀਚੇਵਾਲ ਨੂੰ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਯਾਦ ਰਹੇ ਹੇਅਰ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਨਜ਼ਦੀਕੀ ਹਨ। ਹਾਈਕਮਾਂਡ ਨੇ ਅਜਿਹਾ ਕਰਕੇ ਖਹਿਰਾ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਡਾ. ਬਲਬੀਰ ਸਿੰਘ ਦਾ ਸਰਦਾਰੀ ਕਾਇਮ ਰਹੇਗੀ। ਇਸ ਤੋਂ ਇਲਾਵਾ ਪਾਰਟੀ ਲਈ 23 ਆਗੂਆਂ ਦੀਆਂ ਨਵੀਆਂ ਨਿਯੁਕਤੀਆਂ ਕਰਕੇ ਬੀਤੇ ਦਿਨ 16 ਆਗੂਆਂ ਵੱਲੋਂ ਦਿੱਤੇ ਅਸਤੀਫਿਆਂ ਦਾ ਖੱਪਾ ਪੂਰਨ ਦਾ ਵੀ ਯਤਨ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਆਗੂਆਂ ਬਾਰੇ ਪੰਜਾਬ ਦੀ ਲੀਡਰਸ਼ਿਪ ਦੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਫੋਨ ’ਤੇ ਗੱਲਬਾਤ ਹੋਈ ਹੈ। ਹਾਈਕਮਾਂਡ ਨੇ ਅਸਤੀਫਾ ਦੇਣ ਵਾਲੇ ਆਗੂਆਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਮਨ ਬਣਾ ਲਿਆ ਹੈ। ਅਸਤੀਫਾ ਦੇਣ ਵਾਲੇ ਆਗੂਆਂ ਵਿੱਚੋਂ ਬਹੁਤੇ ਪੰਜਾਬ ਇਕਾਈ ਦੇ ਸਾਬਕਾ ਇੰਚਾਰਜ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨਾਲ ਸਬੰਧਤ ਹਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਸ ਮਸਲੇ ਬਾਰੇ ਹਾਈਕਮਾਂਡ ਨਾਲ ਵਿਸਥਾਰ ਨਾਲ ਗੱਲਬਾਤ ਹੋ ਗਈ ਹੈ। ਅਨੁਸ਼ਾਸਨਹੀਣਤਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 31 ਜੁਲਾਈ ਤਕ ਪਾਰਟੀ ਦੇ ਬਲਾਕ ਪੱਧਰ ਦੇ ਯੂਨਿਟ ਕਾਇਮ ਕਰਕੇ ਖਾਲੀ ਪਏ ਸਾਰੇ ਅਹੁਦੇ ਭਰ ਦਿੱਤੇ ਜਾਣਗੇ। ਅਗਸਤ ਦੇ ਪਹਿਲੇ ਹਫਤੇ ਸਿਸੋਦੀਆਂ ਪੰਜਾਬ ਆ ਕੇ ਸਾਲ 2019 ਦੀਆਂ ਆਮ ਚੋਣਾਂ ਬਾਰੇ ਰਣਨੀਤੀ ਨੂੰ ਅੰਤਿਮ ਰੂਪ ਦੇਣਗੇ।