ਜਲੰਧਰ: ਕੇਵਲ ਵਿੱਗ ਫਾਊਂਡੇਸ਼ਨ ਨੇ ਸਾਲ 2017 ਦੇ ਲਈ 'ਕੇਵਲ ਵਿੱਗ ਐਵਾਰਡ' ਦਾ ਐਲਾਨ ਕਰ ਦਿੱਤਾ ਹੈ। ਸਵਰਗੀ ਕੇਵਲ ਵਿੱਗ ਦੀ ਯਾਦ ਵਿੱਚ ਸੰਨ 1994 ਤੋਂ ਸਥਾਪਿਤ ਇਸ ਵਰ੍ਹੇ ਦਾ ਐਵਾਰਡ ਪੰਜਾਬੀ ਨਾਵਲ ਦੀ ਸੁਹਿਰਦ ਹਸਤਾਖਰ ਚੰਦਨ ਨੇਗੀ ਨੂੰ ਬਤੌਰ ਸਰਵੋਤਮ ਨਾਵਲਕਾਰ ਅਤੇ ਪ੍ਰਮੁੱਖ ਵਾਰਤਕ ਲਿਖਾਰੀ ਡਾ. ਬਲਦੇਵ ਸਿੰਘ ਬੱਦਨ ਨੂੰ ਬਤੌਰ ਸਰਵੋਤਮ ਲੇਖਕ ਇਹ ਯਾਦਗਾਰੀ ਐਵਾਰਡ ਪ੍ਰਦਾਨ ਕੀਤੇ ਜਾਣਗੇ। ਬਜ਼ੁਰਗ ਲੇਖਿਕਾ ਚੰਦਨ ਨੇਗੀ ਲੰਬੇ ਸਮੇਂ ਤੋਂ ਸਾਹਿਤ ਦੀ ਸਿਰਜਨਾ ਵਿੱਚ ਕਾਰਜਸ਼ੀਲ ਹਨ, ਉਨ੍ਹਾਂ ਦੇ ਕਈ ਕਹਾਣੀ ਸੰਗ੍ਰਹਿ ਪਾਠਕਾਂ ਵਲੋਂ ਬਹੁਤ ਦਿਲਚਸਪੀ ਨਾਲ ਪੜ੍ਹੇ ਗਏ ਹਨ। ਨਾਵਲ ਦੇ ਖੇਤਰ ਵਿਚ ਉਨ੍ਹਾਂ ਦਾ ਆਪਣਾ ਮੁਕਾਮ ਹੈ ਤੇ ਆਪਣੀ ਲੇਖਣੀ ਰਾਹੀਂ ਪੰਜਾਬੀ ਭਾਸ਼ਾ ਨੂੰ ਚੰਗਾ ਰੁਤਬਾ ਬਖਸ਼ਿਆ ਹੈ। ਡਾ. ਬਲਦੇਵ ਸਿੰਘ ਬੱਦਨ ਨੈਸ਼ਨਲ ਬੁੱਕ ਟਰੱਸਟ ਦੇ ਸਾਬਕਾ ਮੁੱਖ ਸੰਪਾਦਕ ਹਨ ਤੇ ਉਨ੍ਹਾਂ ਦੀ ਪੰਜਾਬੀ ਭਾਸ਼ਾ, ਸੱਭਿਆਚਾਰ, ਸੰਸਕ੍ਰਿਤੀ ਅਤੇ ਸਾਹਿਤ ਪ੍ਰਤੀ ਵਚਨਬੱਧਤਾ ਰਹੀ ਹੈ। ਹੁਣ ਤੱਕ ਉਨ੍ਹਾਂ ਦੀਆਂ 200 ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਉਨ੍ਹਾਂ ਦੀਆਂ ਕਈ ਕਿਤਾਬਾਂ ਦਾ ਅਨੁਵਾਦ ਦੂਜੀਆਂ ਭਾਸ਼ਾਵਾਂ ਵਿਚ ਵੀ ਹੋ ਚੁੱਕਾ ਹੈ। ਫਾਊਂਡੇਸ਼ਨ ਦੇ ਮੁਖੀ ਜਤਿੰਦਰ ਮੋਹਨ ਵਿੱਗ ਨੇ ਦੱਸਿਆ ਕਿ ਇਹ ਸਮਾਗਮ 4 ਦਸੰਬਰ ਨੂੰ ਕੇ.ਐੱਲ. ਸਹਿਗਲ ਮੈਮੋਰੀਅਲ ਹਾਲ ਵਿਖੇ ਬਾਅਦ ਦੁਪਹਿਰ 3 ਵਜੇ ਕਰਵਾਇਆ ਜਾਵੇਗਾ।