ਪਟਿਆਲਾ: ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਆਉਣ ਵਾਲੀ ਦੋ ਅਗਸਤ ਨੂੰ ਕੋਈ ਵੱਡਾ ਐਲਾਨ ਕਰਨਗੇ। ਡਾ. ਗਾਂਧੀ ਨੇ ਏਬੀਪੀ ਸਾਂਝਾ ਨੂੰ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨਾਲ ਪੰਜਾਬ ਦੇ ਕਈ ਵੱਡੇ ਲੀਡਰ ਵੀ ਆਉਣਗੇ। ਡਾ. ਗਾਂਧੀ ਨੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਬਾਰੇ ਖੁੱਲ੍ਹ ਕੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਨਾਲ ਨਾਲ ਅਕਾਲੀ ਕਾਂਗਰਸੀਆਂ ਨੂੰ ਵੀ ਖ਼ੂਬ ਖਰੀਆਂ ਖੋਟੀਆਂ ਸੁਣਾਈਆਂ।

ਡਾ. ਗਾਂਧੀ ਨੇ ਆਪਣੀ ਪੁਰਾਣੀ ਪਾਰਟੀ ਵਿੱਚ ਆਏ ਗੰਭੀਰ ਸਿਆਸੀ ਸੰਕਟ ਬਾਰੇ ਵੀ ਖੁੱਲ੍ਹ ਕੇ ਆਪਣੇ ਵਿਚਾਰ ਦੱਸੇ। ਗਾਂਧੀ ਨੇ ਕਿਹਾ ਕਿ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਤਾਨਾਸ਼ਾਹ ਸੋਚ ਦਾ ਧਾਰਨੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਿੱਲੀ ਤੋਂ ਲਏ ਗਏ ਫੈਸਲੇ ਲਾਗੂ ਨਹੀਂ ਹੋ ਸਕਦੇ।

ਲੋਕ ਸਭਾ ਮੈਂਬਰ ਨੇ ਖਹਿਰਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸੁਲਝਿਆ ਹੋਇਆ ਸਿਆਸਤਦਾਨ ਹੈ। ਡਾ. ਗਾਂਧੀ ਮੁਤਾਬਕ ਨਵੇਂ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਵਕੀਲ ਹਨ ਤੇ ਉਹ ਕਿਸੇ ਦੀ ਕਾਬਲੀਅਤ 'ਤੇ ਸ਼ੰਕਾ ਨਹੀਂ ਕਰਦੇ ਪਰ ਨਵੇਂ ਨੇਤਾ ਉਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪਾਰਟੀ ਨੇ ਸਿਰਫ਼ ਦਲਿਤ ਕਾਰਡ ਖੇਡਿਆ ਹੈ।

ਆਮ ਆਦਮੀ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਨੂੰ ਗਾਂਧੀ ਨੇ ਸਾਜ਼ਿਸ਼ਘਾੜਾ ਗਰਦਾਨਿਆ। ਉਨ੍ਹਾਂ ਕਿਹਾ ਕਿ ਬਲਬੀਰ ਦਾ ਪੰਜਾਬ ਦੀ ਸਿਆਸਤ ਵਿੱਚ ਕੋਈ ਆਧਾਰ ਹੀ ਨਹੀਂ। ਗਾਂਧੀ ਨੇ ਭਗਵੰਤ ਮਾਨ 'ਤੇ ਵੀ ਕਈ ਤਿੱਖੇ ਵਾਰ ਕੀਤੇ। ਉਨ੍ਹਾਂ ਕਿਹਾ ਕਿ ਮਾਨ ਵੀ ਦਿੱਲੀ ਦੀ ਚਾਬੀ 'ਤੇ ਹੀ ਚੱਲਦਾ ਹੈ।

ਦੂਜੇ ਪਾਸੇ ਕਾਂਗਰਸ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਰਕਾਰ ਦਾ 6 ਮਹੀਨੇ ਵਿੱਚ ਹੀ ਗ੍ਰਾਫ ਡਿੱਗਣ ਦੀ ਗੱਲ ਕਰਦੇ ਗਾਂਧੀ ਨੇ ਕਿਹਾ ਕਿ ਅਕਾਲੀ ਤੇ ਕਾਂਗਰਸੀ ਇਕੋ ਥੈਲੀ ਦੇ ਚੱਟੇ-ਬੱਟੇ ਹਨ। ਉਨ੍ਹਾਂ ਕਿਹਾ ਕਿ ਇਹ ਲੰਮੇਂ ਸਮੇਂ ਤੋਂ ਦੋਸਤਾਨਾ ਮੈਚ ਖੇਡਦੇ ਆਏ ਹਨ ਤੇ ਦੋਵਾਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ। ਦੋਵੇਂ ਇੱਕ-ਦੂਜੇ 'ਤੇ ਕੇਸ ਕਰਦੇ ਹਨ ਫਿਰ ਬਾਅਦ ਵਿੱਚ ਆਪੇ ਖ਼ਤਮ ਕਰਵਾਉਂਦੇ ਹਨ।