Dr. Navjot Kaur Sidhu: ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਵਿਚਾਲੇ ਡਾ. ਨਵਜੋਤ ਕੌਰ ਸਿੱਧੂ (Dr. Navjot Kaur Sidhu) ਨੇ ਵੱਡਾ ਸਿਆਸੀ ਧਮਾਕਾ ਕੀਤਾ ਹੈ। ਜਿੱਥੇ ਪਹਿਲਾਂ ਸਿਆਸੀ ਗਲਿਆਰੇ ਵਿੱਚ ਕਿਹਾ ਜਾ ਰਿਹਾ ਸੀ ਕਿ ਨਵਜੋਤ ਸਿੱਧੂ (Dr. Navjot Kaur Sidhu) ਭਾਜਪਾ ਦਾ ਪੱਲਾ ਫੜ ਸਕਦੇ ਹਨ ਤਾਂ ਉੱਥੇ ਉਨ੍ਹਾਂ ਦੇ ਇਸ ਕਦਮ ਨੇ ਸਾਰੀਆਂ ਚਰਚਾਵਾਂ 'ਤੇ ਰੋਕ ਲਾ ਦਿੱਤੀ ਹੈ।
ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਆਪਣੀ ਨਵੀਂ ਰਾਜਨੀਤਿਕ ਪਾਰਟੀ ਭਾਰਤੀ ਰਾਸ਼ਟਰਵਦੀ ਪਾਰਟੀ (ਭਾਰਪਾ) ਦੇ ਗਠਨ ਦਾ ਐਲਾਨ ਕੀਤਾ। ਆਪਣੇ ਬਿਆਨ ਵਿੱਚ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੌਜੂਦਾ ਰਾਜਨੀਤਿਕ ਲੀਡਰਸ਼ਿਪ ਦੇ ਕੰਮਕਾਜ ਦਾ ਡੂੰਘਾਈ ਨਾਲ ਮੁਲਾਂਕਣ ਕਰਨ ਤੋਂ ਬਾਅਦ ਉਨ੍ਹਾਂ ਨੇ ਰਾਸ਼ਟਰੀ ਪੱਧਰ 'ਤੇ ਇੱਕ ਨਵਾਂ ਵਿਕਲਪ ਬਣਾਉਣ ਵੱਲ ਕੰਮ ਕੀਤਾ ਹੈ।
ਉਨ੍ਹਾਂ ਦਾ ਟੀਚਾ ਦੇਸ਼ ਅਤੇ ਇਸਦੇ ਲੋਕਾਂ ਦੀ ਸੇਵਾ ਕਰਨਾ ਅਤੇ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਹੈ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੇ ਅਧਿਆਤਮਿਕ ਸੋਚ ਅਤੇ "ਸੱਚ ਅਤੇ ਪਿਆਰ" ਦੇ ਮਾਰਗ ਦੀ ਵਕਾਲਤ ਕੀਤੀ।
ਪੰਜਾਬ ਬਾਰੇ ਖਾਸ ਤੌਰ 'ਤੇ ਬੋਲਦਿਆਂ, ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੂਬੇ ਨੂੰ ਇਸਦੀ "ਪੁਰਾਣੀ ਪਛਾਣ" ਵਿੱਚ ਦਵਾਉਣ ਲਈ ਕੰਮ ਕਰੇਗੀ, ਜਿੱਥੇ ਪਿਆਰ, ਸਾਂਝਾ ਸੱਭਿਆਚਾਰ, ਨਿਆਂ ਅਤੇ ਆਜ਼ਾਦੀ ਦੀ ਭਾਵਨਾ ਹੋਵੇਗੀ। ਉਨ੍ਹਾਂ ਨੇ "ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਵਲੋਂ" ਸਰਕਾਰ ਦੇਣ ਦੀ ਗੱਲ ਵੀ ਦੁਹਰਾਈ।
ਜ਼ਿਕਰ ਕਰ ਦਈਏ ਕਿ 2026 ਦੀ ਸ਼ੁਰੂਆਤ ਵਿੱਚ ਕਾਂਗਰਸ ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਲਗਾਤਾਰ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ, ਨਵੀਂ ਪਾਰਟੀ ਦੇ ਐਲਾਨ ਨਾਲ ਇਨ੍ਹਾਂ ਸਾਰੀਆਂ ਚਰਚਾਵਾਂ 'ਤੇ ਵਿਰਾਮ ਲੱਗ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹੁਣ ਹਰ ਰਾਜ ਵਿੱਚ ਨਿਆਂ, ਸ਼ਾਂਤੀ ਅਤੇ ਸੇਵਾ ਦੇ ਟੀਚੇ ਨਾਲ ਸਮਾਨ ਸੋਚ ਵਾਲੇ ਵਿਅਕਤੀਆਂ ਨਾਲ ਕੰਮ ਕਰੇਗੀ।
