Punjab News: ਉੱਘੇ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਨੂੰ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਦਮ ਸ੍ਰੀ ਪੁਰਸਕਾਰ ਦਿੱਤੇ ਜਾਣ ਦੀ ਘੋਸ਼ਣਾ ਕੀਤੀ ਗਈ ਹੈ। ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ 74ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਦੇ ਮੌਕੇ ਤੇ ਪਦਮਾ ਅਵਾਰਡ, 2023 ਦੀ ਸੂਚੀ ਪ੍ਰਵਾਨ ਕੀਤੀ ਗਈ ਹੈ। 


7 ਦਹਾਕਿਆਂ ਤੋਂ ਕੀਤੀ  ਗੁਰਮਤਿ ਸਾਹਿਤ ਦੀ ਸੇਵਾ


ਡਾ. ਰਤਨ ਸਿੰਘ ਜੱਗੀ, ਪੰਜਾਬੀ ਤੇ ਹਿੰਦੀ ਸਾਹਿਤ ਜਗਤ ਦੇ ਅਤੇ ਵਿਸ਼ੇਸ਼ ਤੌਰ ਤੇ ਗੁਰਮਤਿ ਸਾਹਿਤ ਦੇ ਬਹੁਤ ਹੀ ਪ੍ਰਤੀਸ਼ਿਠਿਤ ਵਿਦਵਾਨ ਹਨ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦਾ 70 ਸਾਲ ਤੋਂ ਵੱਧ ਦਾ ਸਮਾਂ ਪੰਜਾਬੀ/ਹਿੰਦੀ ਸਾਹਿਤ ਅਤੇ ਗੁਰਮਤਿ ਸਾਹਿਤ ਦੀ ਸੇਵਾ ਵਿੱਚ ਸਮਰਪਿਤ ਕੀਤਾ ਹੈ। 


ਸੰਨ 1962 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ "ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ" ਵਿਸ਼ੇ ਵਿੱਚ ਪੀਐਚ. ਡੀ. ਦੀ ਡਿਗਰੀ ਹਾਸਲ ਕੀਤੀ ਅਤੇ ਬਾਅਦ ਵਿੱਚ "ਦਸਮ ਗ੍ਰੰਥ ਕੀ ਪੌਰਾਣਿਕ ਪ੍ਰਿਸ਼ਟ ਭੂਮੀ" ਨਾਂ ਦੀ ਪੁਸਤਕ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕੀਤੀ, ਜਿਸ ਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲਾ ਪੁਰਸਕਾਰ ਵੀ ਦਿੱਤਾ ਗਿਆ । ਇਸ ਦੀ ਸਾਹਿਤ ਜਗਤ ਦੀਆਂ ਕਾਫੀ ਪ੍ਰਸਿੱਧ ਸ਼ਖਸ਼ੀਅਤਾਂ ਵਲੋਂ ਬਹੁਤ ਜ਼ਿਆਦਾ ਸ਼ਲਾਘਾ ਕੀਤੀ ਗਈ । ਦਸਮ ਗ੍ਰੰਥ ਨੂੰ ਲੈ ਕੇ ਡਾ. ਜੱਗੀ ਵੱਲੋਂ 2000 ਵਿੱਚ "ਦਸਮ ਗ੍ਰੰਥ ਦਾ ਟੀਕਾ" ਤਿਆਰ ਕੀਤਾ ਗਿਆ, ਜਿਸ ਦਾ ਗੋਬਿੰਦ ਸਦਨ, ਦਿੱਲੀ ਵੱਲੋਂ ਪੰਜ ਭਾਗਾਂ ਵਿੱਚ ਵਿਮੋਚਨ ਹੋਇਆ। ਉਨ੍ਹਾਂ ਨੂੰ ਦਸਮ ਗ੍ਰੰਥ ਦੇ ਵਿਸ਼ੇ ਉੱਤੇ ਬਤੌਰ ਅਥਾਰਟੀ ਮੰਨਿਆ ਜਾਂਦਾ ਹੈ ।
        
1973 ਵਿੱਚ ਡਾ. ਰਤਨ ਸਿੰਘ ਜੱਗੀ ਵੱਲੋਂ ਮਗਧ ਯੂਨੀਵਰਸਿਟੀ ਬੋਧਗਯਾ ਤੋਂ ਡੀ. ਲਿਟ. ਦੀ ਡਿਗਰੀ ਪ੍ਰਾਪਤ ਕੀਤੀ ਗਈ, ਜਿਸ ਵਿੱਚ ਉਨ੍ਹਾਂ ਦਾ ਹਿੰਦੀ ਵਿੱਚ ਵਿਸ਼ਾ "ਸ਼੍ਰੀ ਗੁਰੂ ਨਾਨਕ: ਵਿਅਕਤਿਤਵ, ਕ੍ਰਿਤਿਤਵ ਔਰ ਚਿੰਤਨ" ਸੀ । ਇਸ ਪੁਸਤਕ ਤੇ ਵੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਥਮ ਪੁਰਸਕਾਰ ਦਿੱਤਾ ਗਿਆ। ਸ੍ਰੀ ਗੁਰੂ ਨਾਨਕ ਬਾਣੀ ਨੂੰ ਲੈ ਕੇ ਡਾ. ਜੱਗੀ ਵਲੋਂ ਕਈ ਕਿਤਾਬਾਂ ਸਮਾਜ ਨੂੰ ਸਮਰਪਿਤ ਕੀਤੀਆਂ ਗਈਆਂ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਪੰਜਾਬ ਸਰਕਾਰ ਵੱਲੋਂ "ਗੁਰੂ ਨਾਨਕ ਬਾਣੀ: ਪਾਠ ਤੇ ਵਿਆਖਿਆ"  ਨਾਂ ਦੀ ਪੁਸਤਕ ਡਾ. ਜੱਗੀ ਤੋਂ ਪੰਜਾਬੀ ਅਤੇ ਹਿੰਦੀ ਵਿਚ ਤਿਆਰ ਕਰਵਾ ਕੇ ਵੰਡੀ ਗਈ । ਇਸ ਤੋਂ ਇਲਾਵਾ ਡਾ. ਜੱਗੀ ਵਲੋਂ ਗੁਰੂ ਨਾਨਕ ਬਾਣੀ ਨੂੰ ਲੈ ਕੇ ਇੱਕ ਕਿਤਾਬ "ਗੁਰੂ ਨਾਨਕ: ਜੀਵਨੀ ਅਤੇ ਵਿਅਕਤਿਤਵ" ਅਤੇ ਦੂਸਰੀ ਕਿਤਾਬ "ਗੁਰੂ ਨਾਨਕ ਦੀ ਵਿਚਾਰਧਾਰਾ" ਵੀ ਛਾਪੀਆਂ ਗਈਆਂ ਅਤੇ ਇਨ੍ਹਾਂ ਦੋਵਾਂ ਕਿਤਾਬਾਂ ਉੱਪਰ ਵੀ ਭਾਸ਼ਾ ਵਿਭਾਗ, ਪੰਜਾਬ ਵਲੋਂ ਪਹਿਲਾ ਪੁਰਸਕਾਰ ਦਿੱਤਾ ਗਿਆ । 
        
ਡਾ. ਰਤਨ ਸਿੰਘ ਜੱਗੀ ਦੀਆਂ ਸੇਵਾਵਾਂ ਵਿੱਚ ਇਕ ਬਹੁਤ ਹੀ ਅਹਿਮ  ਸੇਵਾ ਇਹ ਵੀ ਰਹੀ ਹੈ ਕਿ ਉਨ੍ਹਾਂ ਨੇ ਤੁਲਸੀ ਰਮਾਇਣ (ਰਾਮ ਚਰਿਤ ਮਾਨਸ) ਜੋ ਕਿ ਹਿੰਦੂ ਧਰਮ ਦਾ ਇੱਕ ਗੋਰਵਮਈ ਗ੍ਰੰਥ ਹੈ, ਇਸ ਦਾ ਪੰਜਾਬੀ ਵਿੱਚ ਲਿਪੀ ਅੰਤਰ ਅਤੇ ਅਨੁਵਾਦ ਕੀਤਾ, ਜਿਸ ਨੂੰ ਕਿ ਪੰਜਾਬੀ ਯੂਨੀਵਰਸਿਟੀ  ਪਟਿਆਲਾ ਵਲੋਂ ਛਾਪਿਆ ਗਿਆ ਅਤੇ ਇਸ ਉੱਪਰ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ 1989 ਵਿੱਚ ਰਾਸ਼ਟਰੀ ਪੱਧਰ ਦਾ ਪ੍ਰਥਮ ਪੁਰਸਕਾਰ ਦਿੱਤਾ ਗਿਆ । ਇਸ ਤੋਂ ਇਲਾਵਾ "ਪੰਜਾਬੀ ਸਾਹਿਤ ਸੰਦਰਭ ਕੋਸ਼" ਤਿਆਰ ਕੀਤਾ ਗਿਆ, ਜਿਸ ਨੂੰ 1994 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਛਾਪਿਆ । ਇਸ ਤੋਂ ਇਲਾਵਾ ਡਾ. ਜੱਗੀ ਨੇ 1998 ਤੋਂ 2002 ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਪੰਜ ਭਾਗਾਂ ਵਿੱਚ "ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ" ਤਿਆਰ ਕਰਕੇ ਛਾਪਿਆ। 2002 ਵਿੱਚ ਡਾ. ਜੱਗੀ ਵਲੋਂ "ਗੁਰੂ ਗ੍ਰੰਥ ਵਿਸ਼ਵ ਕੋਸ਼" ਤਿਆਰ ਕੀਤਾ ਗਿਆ, ਜਿਸ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਛਾਪਿਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਤ ਹਰ ਪੁੱਛ ਦਾ ਸੰਖੇਪ ਪਰ ਅਧਿਕ੍ਰਿਤ ਉੱਤਰ ਦੇਣ ਲਈ ਸਹੀ ਅਰਥਾਂ ਵਿੱਚ ਇਕ ਵਿਸ਼ਵਕੋਸ਼ ਦੀ ਲੋੜ ਸੀ, ਜਿਸ ਨੂੰ ਇਸ ਵਿਸ਼ਵਕੋਸ਼ ਰਾਹੀਂ ਪੂਰਾ ਕੀਤਾ ਗਿਆ । 


2005 ਵਿੱਚ ਡਾ. ਜੱਗੀ ਵਲੋਂ "ਸਿੱਖ ਪੰਥ ਵਿਸ਼ਵਕੋਸ਼" ਤਿਆਰ ਕੀਤਾ ਗਿਆ, ਜਿਸ ਵਿੱਚ ਸਿੱਖ ਕੌਮ ਨਾਲ ਸਬੰਧਤ ਮੁੱਖ ਮੁੱਦਿਆਂ, ਪੱਖਾਂ, ਤੱਥਾਂ ਆਦਿ ਬਾਰੇ ਇੰਦਰਾਜ ਸ਼ਾਮਿਲ ਹਨ । ਇਸ ਤੋਂ ਬਾਅਦ 2007 ਵਿੱਚ " ਅਰਥ ਬੋਧ ਸ਼੍ਰੀ ਗੁਰੂ ਗ੍ਰੰਥ ਸਾਹਿਬ " ਨਾਮ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਤਿਆਰ ਕਰਕੇ ਪੰਜ ਭਾਗਾਂ ਵਿੱਚ ਲੋਕਾਂ ਨੂੰ ਸਮਰਪਿਤ ਕੀਤਾ, ਜਿਸ ਨੂੰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਲੀਜ਼ ਕੀਤਾ ਗਿਆ ਸੀ । 2013 ਵਿੱਚ ਡਾ. ਜੱਗੀ ਵੱਲੋਂ  "ਭਾਵ ਪ੍ਰਬੋਧਨੀ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ" ਨਾਮ ਦਾ ਇੱਕ ਵਿਸਥਾਰ ਪੂਰਵਕ ਟੀਕਾ ਤਿਆਰ ਕੀਤਾ ਗਿਆ, ਜਿਸ ਨੂੰ ਅੱਠ ਭਾਗਾਂ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਛਾਪਿਆ ਗਿਆ, ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਬਹੁਤ ਹੀ ਵਿਸਥਾਰ ਪੂਰਵਕ ਵਿਆਖਿਆ ਕੀਤੀ ਗਈ ਹੈ ਅਤੇ ਲੋਕਾਂ ਲਈ ਅਤੇ ਵਿਸ਼ੇਸ਼ ਤੌਰ ਤੇ ਸਿੱਖ ਜਗਤ ਲਈ ਲਾਭਦਾਇਕ ਸਿੱਧ ਹੋ ਰਹੀ ਹੈ । ਸੰਨ 2017 ਵਿਚ ਉਨ੍ਹਾਂ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ ਵਿਚ ਟੀਕਾ ਕਰਕੇ ਪੰਜ ਜਿਲਦਾਂ ਵਿਚ ਪ੍ਰਕਾਸ਼ਿਤ ਕਰ ਦਿੱਤਾ ਹੈ।


1989 ਵਿੱਚ ਮਿਲਿਆ ਸੀ ਰਾਸ਼ਟਰੀ ਪੁਰਸਕਾਰ        


ਡਾ. ਰਤਨ ਸਿੰਘ ਜੱਗੀ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਦੇਖਦੇ ਹੋਏ "ਸਾਹਿਤ ਅਕਾਦਮੀ, ਨਵੀਂ ਦਿੱਲੀ" ਵੱਲੋਂ ਸਾਲ 1989 ਵਿੱਚ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਸਰਵਉੱਚ ਪੁਰਸਕਾਰ "ਪੰਜਾਬੀ ਸਾਹਿਤ ਸ੍ਰੋਮਣੀ (ਰਤਨ)" 1996 ਵਿੱਚ ਦਿੱਤਾ ਗਿਆ ਅਤੇ 1964 ਤੋਂ ਲੈ 1976 ਤੱਕ ਅੱਠ ਵਾਰ ਉਨ੍ਹਾਂ ਦੀਆਂ ਕਿਤਾਬਾਂ ਨੂੰ ਭਾਸ਼ਾ ਵਿਭਾਗ, ਪੰਜਾਬ ਸਰਕਾਰ ਵੱਲੋਂ ਪਹਿਲਾ ਇਨਾਮ ਦਿੱਤਾ ਜਾਂਦਾ ਰਿਹਾ। ਹਰਿਆਣਾ ਸਰਕਾਰ ਵੱਲੋਂ ਵੀ ਉਨ੍ਹਾਂ ਦੀ ਕਿਤਾਬ ਤੇ ਪਹਿਲਾ ਇਨਾਮ 1968 ਵਿੱਚ ਦਿੱਤਾ ਗਿਆ । ਦਿੱਲੀ ਸਰਕਾਰ ਹੇਠ ਪੰਜਾਬੀ ਅਕਾਦਮੀ ਵੱਲੋਂ 2010 ਵਿੱਚ "ਪਰਮ ਸਾਹਿਤ ਸਨਮਾਨ" ਦਿੱਤਾ ਗਿਆ । 


1996 ਵਿੱਚ ਮਿਲਿਆ ਸੀ ਸੋਹਾਰਦ ਪੁਰਸਕਾਰ


ਉੱਤਰ ਪ੍ਰਦੇਸ਼ ਸਰਕਾਰ ਦੇ ਹਿੰਦੀ ਸੰਸਥਾਨ ਵਲੋਂ 1996 ਵਿੱਚ "ਸੋਹਾਰਦ ਪੁਰਸਕਾਰ" ਦਿੱਤਾ ਗਿਆ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਨੂੰ ਦੇਖਦੇ ਹੋਏ 2014 ਵਿੱਚ ਆਨਰੇਰੀ ਡੀ. ਲਿਟ. ਦੀ ਡਿਗਰੀ ਦਿੱਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ 2015 ਵਿੱਚ ਆਨਰੇਰੀ ਡੀ. ਲਿਟ. ਦੀ ਡਿਗਰੀ ਦਿੱਤੀ ਗਈ । ਇਸ ਤੋਂ ਇਲਾਵਾ ਬਹੁਤ ਸਾਰੀਆਂ ਅਹਿਮ ਸਾਹਿਤਕ, ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਡਾ. ਰਤਨ ਸਿੰਘ ਜੱਗੀ ਦੀਆਂ ਸੇਵਾਵਾਂ ਨੂੰ ਵਾਚਦੇ  ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ ।


144 ਕਿਤਾਬਾਂ ਕੀਤੀ ਸਮਾਜ ਨੂੰ ਸਮਰਪਿਤ        


ਡਾ. ਰਤਨ ਸਿੰਘ ਜੱਗੀ 95 ਸਾਲ ਦੀ ਉਮਰ ਦੇ ਹੋ ਜਾਣ ਦੇ ਬਾਵਜੂਦ ਹਾਲੇ ਵੀ ਸਮਾਜ ਨੂੰ ਆਪਣੀਆਂ ਸਰਵਸ੍ਰੇਸ਼ਠ ਅਤੇ ਵੱਡਮੁੱਲੀਆਂ ਸਾਹਿਤਕ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਲੱਗਭੱਗ 144 ਕਿਤਾਬਾਂ ਸਮਾਜ ਨੂੰ ਸਮਰਪਿਤ ਕੀਤੀਆਂ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਉਨ੍ਹਾਂ ਨੂੰ ਲਾਈਫ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਹੈ।