ਰਜਨੀਸ਼ ਕੌਰ ਦੀ ਰਿਪੋਰਟ 


Navjot Sidhu Release : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਈ ਦਾ ਮਾਮਲਾ ਫਾਈਲਾਂ 'ਚ ਫਸਿਆ ਹੋਇਆ ਹੈ। 26 ਜਨਵਰੀ ਦੀ ਸ਼ਾਮ ਨੂੰ ਸਿੱਧੂ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਉਹ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋ ਸਕਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਸਕੱਤਰ ਦਫ਼ਤਰ ਤੋਂ ਜੇਲ੍ਹ ਵਿਭਾਗ ਵੱਲੋਂ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਫਾਈਲ ਭੇਜਣ ’ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਹਰੇਕ ਕੈਦੀ ਦੀ ਵੱਖਰੀ ਫਾਈਲ ਮੰਤਰੀ ਮੰਡਲ ਤੋਂ ਮਨਜ਼ੂਰੀ ਮਿਲਣ ਮਗਰੋਂ ਭੇਜਣ ਲਈ ਕਿਹਾ ਸੀ।


ਰਾਜਪਾਲ ਇਹ ਜਾਣਨਾ ਚਾਹੁੰਦਾ ਸੀ ਕਿ ਕਿਸ ਕੈਦੀ ਨੂੰ ਕਿਸ ਅਪਰਾਧ ਲਈ ਸਜ਼ਾ ਦਿੱਤੀ ਗਈ ਸੀ ਅਤੇ ਜੇਲ੍ਹ ਵਿਚ ਉਸ ਦਾ ਵਿਵਹਾਰ ਕਿਵੇਂ ਰਿਹਾ ਸੀ। ਪੰਜਾਬ ਸਰਕਾਰ ਦੇ ਇੱਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਰੇਕ ਕੈਦੀ ਦੀਆਂ ਵੱਖਰੀਆਂ ਫਾਈਲਾਂ ਨਹੀਂ ਭੇਜੀਆਂ ਗਈਆਂ ਹਨ।


ਕੈਦੀਆਂ ਦੀ ਰਿਹਾਈ ਨੂੰ ਲੈ ਕੇ ਹੋਈ ਸੀ ਗੈਰ ਰਸਮੀ ਚਰਚਾ


ਸੂਤਰਾਂ ਅਨੁਸਾਰ ਪਿਛਲੀ ਕੈਬਨਿਟ ਮੀਟਿੰਗ ਵਿੱਚ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਗੈਰ ਰਸਮੀ ਚਰਚਾ ਹੋਈ ਸੀ। ਫਿਰ ਇਹ ਮੰਨ ਲਿਆ ਗਿਆ ਕਿ ਸਿੱਧੂ ਦੀ ਰਿਹਾਈ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਬੰਦੀ ਸਿੱਖਾਂ ਦਾ ਮੁੱਦਾ ਉਠਾ ਕੇ ਇਹ ਮੁੱਦਾ ਉਠਾ ਲੈਣਗੇ ਕਿ ਸਿੱਧੂ ਨੂੰ ਰਿਹਾਅ ਕੀਤਾ ਗਿਆ ਪਰ ਬੰਦੀ ਸਿੱਖਾਂ ਨੂੰ ਨਹੀਂ। ਇਸੇ ਕਾਰਨ ਸਰਕਾਰ ਨੇ ਨਵਜੋਤ ਸਿੱਧੂ ਦੀ ਰਿਹਾਈ ਲਈ ਜ਼ੋਰ ਨਹੀਂ ਪਾਇਆ।


ਕਾਂਗਰਸ ਪਾਰਟੀ ਦੇ ਆਗੂਆਂ 'ਚ ਚਰਚਾ ਜ਼ੋਰਾਂ ’ਤੇ 


ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਰਹਾਈ ਨੂੰ ਲੈ ਕੇ ਕਾਫੀ ਚਰਚਾ ਵਿਚ ਰਹੇ ਇਸ ਦੌਰਾਨ ਜੇ ਉਹ ਅੱਜ ਭਾਵ ਗਣਤੰਤਰ ਦਿਵਸ ਵਾਲੇ ਦਿਨ  ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot singh sidhu) ਆਪਣੀ ਸਜ਼ਾ ਪੂਰੀ ਕਰਕੇ ਪਟਿਆਲਾ ਜੇਲ੍ਹ (Patiala jail) ਤੋਂ ਬਾਹਰ ਆਉਣਾ ਸੀ। 
ਉਨ੍ਹਾਂ ਦੀ ਰਿਹਾਈ ਤੋਂ ਪਹਿਲਾਂ ਭਾਵ ਕਿ ਪਿਛਲੇ ਸ਼ਨੀਵਾਰ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ  (Navjot kaur) ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ, ਕਾਂਗਰਸ ਦੇ ਜਨਰਲ ਸਕੱਤਰਾਂ ਪ੍ਰਿਅੰਕਾ ਗਾਂਧੀ ਅਤੇ ਕੇਸੀ ਵੇਣੂਗੋਪਾਲ ਨਾਲ ਮੁਲਾਕਾਤ ਕੀਤੀ। ਡਾ. ਨਵਜੋਤ ਸਿੱਧੂ ਦੀ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਨਾਲ ਮੀਟਿੰਗ ਨੂੰ ਸਿਆਸੀ ਗਲਿਆਰੇ ਵਿੱਚ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਮੀਟਿੰਗ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਆਗੂਆਂ ਵਿੱਚ ਚਰਚਾ ਜ਼ੋਰਾਂ ’ਤੇ ਹੈ।


ਸਾਬਕਾ ਪ੍ਰਧਾਨ ਸਿੱਧੂ ਨੂੰ ਰਾਹੁਲ ਗਾਂਧੀ ਨੇ ਦਿੱਤਾ ਸੀ ਯਾਤਰਾ 'ਚ ਸ਼ਾਮਲ ਹੋਣ ਦਾ ਸੱਦਾ 


ਪੰਜਾਬ ਕਾਂਗਰਸ ਵਿੱਚ ਇਹ ਵੀ ਸਿਆਸੀ ਚਰਚਾ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਕਾਂਗਰਸ ਸਾਂਸਦ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਪੰਜਾਬ ਦੌਰੇ ਦੌਰਾਨ ਪਹਿਲਾਂ ਹੀ ਇਹ ਸੰਕੇਤ ਦੇ ਚੁੱਕੇ ਹਨ। ਭਾਰਤ ਜੋੜੋ ਯਾਤਰਾ ਦੇ ਆਖਰੀ ਪੜਾਅ 'ਚ ਜੰਮੂ-ਕਸ਼ਮੀਰ ਦੀ ਸਰਹੱਦ 'ਚ ਦਾਖਲ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸਿੱਧੂ ਨੂੰ ਯਾਤਰਾ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਸਿੱਧੂ ਨੂੰ ਸੱਦਾ ਮਿਲਿਆ ਹੈ।